ਚੰਡੀਗੜ੍ਹ: ਪਾਕਿਸਤਾਨ ਤੋਂ ਲਿਆਂਦਾ ਕਾਲੇ ਤਿੱਤਰ ਦੀ ਖੱਲ੍ਹ ਨਾਲ ਬਣਿਆ ਤੋਹਫਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਈ ਵੱਡੀ ਮੁਸ਼ਕਲ ਬਣ ਸਕਦਾ ਹੈ। ਦਰਅਸਲ ਐਨੀਮਲ ਵੈਲਫੇਅਰ ਬੋਰਡ ਨੇ ਇਸ ਮਾਮਲੇ ਸਬੰਧੀ ਤਿੰਨ ਦਿਨਾਂ ਅੰਦਰ ਰਿਪੋਰਟ ਤਲਬ ਕੀਤੀ ਹੈ। ਬੋਰਡ ਨੇ ਜੰਗਲਾਤ ਵਿਭਾਗ ਦੇ ਡੀਜੀ, ਦਿੱਲੀ ਦੇ ਵਿਸ਼ੇਸ਼ ਸਕੱਤਰ, ਜੰਗਲਾਤ ਵਿਭਾਗ (ਜੰਗਲੀ ਜੀਵ) ਦੇ ਏਡੀਜੀ ਤੇ ਚੰਡੀਗੜ੍ਹ ਦੇ ਚੀਫ ਵਾਈਲਡ ਲਾਈਫ ਵਾਰਡਨ ਨੂੰ ਪੁੱਛਿਆ ਹੈ ਕਿ ਉਹ ਇਸ ਮਾਮਲੇ ਵਿੱਚ ਪਸ਼ੂ ਕਰੂਰਤਾ ਰੋਕਥਾਮ ਕਾਨੂੰਨ ਤਹਿਤ ਕੀ ਕਾਰਵਾਈ ਕਰ ਰਹੇ ਹਨ?
ਹਾਲ ਹੀ ਵਿੱਚ ਸਿੱਧੂ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾ ਕੇ ਆਏ ਹਨ। ਉੱਥੋਂ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੋਹਫੇ ਵਜੋਂ ਦੇਣ ਲਈ ਸ਼ੀਲਡ ਲਿਆਂਦੀ ਸੀ। ਇਹ ਕਾਲੇ ਤਿੱਤਰ ਦੀ ਖੱਲ੍ਹ ਤੋਂ ਬਣੀ ਹੋਈ ਸੀ। ਇਸ ਸਬੰਧੀ ਖ਼ਬਰ ਸਾਹਮਣੇ ਆਉਣ ਬਾਅਦ ਹਰਿਆਣਾ ਤੇ ਪੰਜਾਬ ਦੇ ਜੀਵ ਜੰਤੂ ਮੁਲਾਜ਼ਮਾਂ ਨੇ ਜੀਵ ਜੰਤੂ ਅਪਰਾਧ ਕੰਟਰੋਲ ਬਿਊਰੋ ਕੋਲ ਸਿੱਧੂ ਦੀ ਸ਼ਿਕਾਇਤ ਕੀਤੀ ਸੀ।
ਹਾਲਾਂਕਿ ਮੁੱਖ ਮੰਤਰੀ ਨੇ ਸਿੱਧੂ ਦੇ ਇਸ ਤੋਹਫੇ ਨੂੰ ਲੈਣੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੀਵ ਜੰਤੂਆਂ ਦੀ ਖੱਲ੍ਹ ਤੋਂ ਬਣੇ ਤੋਹਫੇ ਘਰ ਵਿੱਚ ਰੱਖਣ ਦੀ ਇਜਾਜ਼ਤ ਨਹੀਂ। ਇਸ ਲਈ ਵਿਭਾਗ ਦੀ ਇਜਾਜ਼ਤ ਦੇ ਬਾਅਦ ਹੀ ਉਹ ਸਿੱਧੂ ਦਾ ਤੋਹਫਾ ਸਵੀਕਾਰ ਕਰਨਗੇ। ਹੁਣ ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਜੇ ਜੀਵ ਜੰਤੂਆਂ ਦੀ ਖੱਲ੍ਹ ਤੋਂ ਬਣੇ ਤੋਹਫੇ ਕਾਨੂੰਨ ਦੀ ਉਲੰਘਣਾ ਹੈ ਤਾਂ ਸਿੱਧੂ ਨੂੰ ਇਹ ਤੋਹਫਾ ਭਾਰਤ ਲੈ ਕੇ ਆਉਣ ਦੀ ਇਜਾਜ਼ਤ ਕਿਸ ਨੇ ਦਿੱਤੀ?