ਭੁਪਾਲ: ਕਾਂਗਰਸ ਦੇ ਦੋ ਵੱਡੇ ਲੀਡਰ ਤੇ ਤਕਰੀਬਨ ਇੱਕੋ ਜਿਹੇ ਇਲਜ਼ਾਮਾਂ ਦਾ ਸਾਹਮਣਾ ਕਰਨ ਵਾਲਿਆਂ 'ਚੋਂ ਇੱਕ ਨੂੰ ਸਿੱਖ ਕਤਲੇਆਮ ਦਾ ਦੋਸ਼ੀ ਐਲਾਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਦੂਜੇ ਪਾਸੇ ਕਮਲ ਨਾਥ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ। ਚੋਣਾਂ ਵਿੱਚ ਮਿਲੀ ਬੰਪਰ ਸਫ਼ਲਤਾ ਦਾ ਨਜ਼ਾਰਾ ਲੈ ਰਹੀ ਕਾਂਗਰਸ ਦੇ ਰੰਗ ਵਿੱਚ ਅਦਾਲਤ ਦੇ ਫੈਸਲੇ ਨੇ ਭੰਗ ਪਾ ਦਿੱਤਾ।

ਕਮਲ ਨਾਥ ਨੇ ਹਾਲੇ ਮੁੱਖ ਮੰਤਰੀ ਦੇ ਅਹੁਦੇ ਦਾ ਨਜ਼ਾਰਾ ਲੈਣਾ ਹੀ ਸੀ ਕਿ ਦਿੱਲੀ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਸਿਆਸੀ ਵਿਰੋਧੀਆਂ ਨੇ ਵੀ ਇਸ ਮੌਕੇ ਦਾ ਲਾਹਾ ਲੈਣਾ ਚਾਹਿਆ ਤੇ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਮਲ ਨਾਥ ਦਾ ਨਾਂ ਲਏ ਬਗ਼ੈਰ ਕਾਂਗਰਸ ਵੱਲੋਂ ਮੁੱਖ ਮੰਤਰੀ ਬਣਾਏ ਜਾਣ 'ਤੇ ਸਵਾਲ ਚੁੱਕੇ। ਉੱਧਰ, ਕਾਂਗਰਸ ਨੇ ਵੀ ਮੋਦੀ 'ਤੇ ਲੱਗੇ ਗੁਜਰਾਤ ਦੀ ਮੁਸਲਿਮ ਵਿਰੋਧੀ ਹਿੰਸਾ ਦੇ ਇਲਜ਼ਾਮ ਲਾਏ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਨੂੰ ਅਯੋਗ ਕਰਾਰ ਦਿੱਤਾ।

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਦੋ ਮੁੱਖ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਭੂਪੇਸ਼ ਬਘੇਲ ਸ਼ਾਮ ਪੰਜ ਵਜੇ ਹਲਫ਼ ਲੈਣਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪੀਐਮ ਮਨਮੋਹਨ ਸਿੰਘ ਤੇ ਨਵਜੋਤ ਸਿੱਧੂ ਸਮੇਤ ਹੋਰ ਵੀ ਕਈ ਵੱਡੇ ਲੀਡਰ ਮੌਜੂਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਰਾਜਸਾਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਹਲਫ਼ ਗ੍ਰਹਿਣ ਸਮਾਗਮ ਵਿੱਚ ਸ਼ਿਰਕਤ ਵੀ ਕੀਤੀ ਸੀ।