ਨਵੀਂ ਦਿੱਲੀ: 1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ। ਦਿੱਲੀ ਛਾਉਣੀ ਵਿੱਚ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਧਾਰਾ 302 ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇ ਐਲਾਨ ਮਗਰੋਂ ਕਾਂਗਰਸ ਪਾਰਟੀ ਬੈਕਫੁੱਟ 'ਤੇ ਚਲੀ ਗਈ ਹੈ ਤੇ ਭਾਜਪਾ ਇਸ ਦਾ ਲਾਹਾ ਚੁੱਕਣ ਵਿੱਚ ਦੇਰ ਨਹੀਂ ਲਾ ਰਹੀ।


ਇਹ ਵੀ ਪੜ੍ਹੋ- 1984 ਮਾਮਲਾ: ਸੱਜਣ ਕੁਮਾਰ ਦੋਸ਼ੀ ਕਰਾਰ, ਉਮਰ ਕੈਦ ਦੀ ਸਜ਼ਾ

ਕੇਂਦਰੀ ਵਿੱਤ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਅਰੁਣ ਜੇਤਲੀ ਨੇ ਕਾਂਗਰਸ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਸੀ ਕਿ ਸਿੱਖ ਦੰਗਿਆਂ ਦੇ ਪ੍ਰਤੀਕ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਦੋਸ਼ੀ ਐਲਾਨੇ ਜਾਣ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ। ਜੇਤਲੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਨਿਆਂ ਦਿਵਾਉਣ ਦੀ ਬਜਾਇ ਇਸ ਮਾਮਲੇ 'ਤੇ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਹੁਣ ਉਹ ਉਸ ਨੇਤਾ ਨੂੰ ਮੁੱਖ ਮੰਤਰੀ ਦੀ ਸਹੁੰ ਚੁੱਕਵਾ ਰਹੇ ਹਨ।

ਸਬੰਧਤ ਖ਼ਬਰ- ਸੱਜਣ ਨੂੰ ਸਜ਼ਾ 34 ਸਾਲ ਦੇ ਸੰਘਰਸ਼ ਦਾ ਨਤੀਜਾ: ਫੂਲਕਾ

ਕਾਂਗਰਸ ਦੇ ਵੱਡੇ ਲੀਡਰ ਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਪਾਰਟੀ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਸੱਜਣ ਕੁਮਾਰ ਕੋਲ ਨਾ ਹੀ ਟਿਕਟ ਸੀ ਤੇ ਨਾ ਹੀ ਕੋਈ ਅਹੁਦਾ ਸੀ। ਉਨ੍ਹਾਂ ਕਮਲ ਨਾਥ ਦੇ ਸਵਾਲ 'ਤੇ ਬੋਲਦਿਆਂ ਕਿਹਾ ਕਿ ਗੁਜਰਾਤ ਵਿੱਚ ਮਾਇਆ ਕੋਡਨਾਨੀ ਦੀ ਗ੍ਰਿਫ਼ਤਾਰੀ ਹੋਈ, ਦੋਸ਼ੀ ਕਰਾਰ ਦਿੱਤੀ ਗਈ ਤੇ ਉਸ ਪਿੱਛੇ ਜੋ ਲੋਕ ਸਨ ਉਨ੍ਹਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਉਹ ਉਦੋਂ ਮੁੱਖ ਮੰਤਰੀ ਸੀ ਤੇ ਅੱਜ ਪ੍ਰਧਾਨ ਮੰਤਰੀ ਹਨ।

ਇਹ ਵੀ ਪੜ੍ਹੋ- ਚੁਰਾਸੀ ਕਤਲੇਆਮ 'ਤੇ ਵੱਡਾ ਫੈਸਲਾ, ਸੱਜਣ ਕੁਮਾਰ ਸਣੇ ਚਾਰਾਂ ਨੂੰ ਉਮਰ ਕੈਦ, ਦੋ ਦੀ ਸਜ਼ਾ ਵਧਾਈ

ਸਿੱਬਲ ਨੇ ਜੇਤਲੀ ਦੇ ਬਿਆਨ ਨੂੰ ਝੂਠਾ ਦੱਸਦਿਆਂ ਕਿਹਾ ਕਿ ਜਿੱਥੋਂ ਕਰ ਕਮਲ ਨਾਥ ਦਾ ਸਵਾਲ ਹੈ, ਉਹੀ ਗੱਲ ਪਹਿਲਾਂ ਕੇਂਦਰ ਵਿੱਚ ਹੋਈ ਹੈ, ਉਹ ਪ੍ਰਧਾਨ ਮੰਤਰੀ ਕਿਵੇਂ ਬਣੇ ਹੋਏ ਹਨ। ਇਸ ਮਾਮਲੇ ਦੀ ਵੀ ਪੂਰੀ ਤਰ੍ਹਾਂ ਨਾਲ ਜਾਂਚ ਹੋਣੀ ਚਾਹੀਦੀ ਹੈ।