ਨਵੀਂ ਦਿੱਲੀ: ਪਾਕਿਸਤਾਨ ਦੀ ਪਨਾਹ ਵਿੱਚ ਬੈਠੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅੱਤਵਾਦੀ ਹਾਫ਼ਿਜ਼ ਸਈਦ ਨੇ ਕਸ਼ਮੀਰੀਆਂ ਨੂੰ ਭਾਰਤ ਖਿਲਾਫ ਜੰਗ ਛੇੜਣ ਲਈ ਕਿਹਾ ਹੈ। ਹਾਫ਼ਿਜ਼ ਵੀਡੀਓ ਜਾਰੀ ਕਰਕੇ ਭਾਰਤ ਖ਼ਿਲਾਫ਼ ਜੰਗ ਛੇੜਨ ਦਾ ਐਲਾਨ ਕੀਤਾ ਹੈ। ਹਾਫਿਸ ਨੇ ਇਹ ਵੀਡੀਓ ਉਸ ਵੇਲੇ ਜਾਰੀ ਕੀਤੀ ਜਦੋਂ ਸ਼ਨੀਵਾਰ ਨੂੰ ਪੁਲਵਾਮਾ ਵਿੱਚ ਅੱਤਵਾਦੀਆਂ ਦੇ ਐਨਕਾਊਂਟਰ ਬਾਅਦ ਸੁਰੱਖਿਆ ਬਲਾਂ ਦੀ ਆਮ ਲੋਕਾਂ ਨਾਲ ਹਿੰਸਕ ਝੜਪ ਦੌਰਾਨ ਸੱਤ ਨਾਗਰਿਕ ਮਾਰੇ ਗਏ।

ਦਰਅਸਲ ਭਾਰਤੀ ਫੌਜ ਨੇ ਕਸ਼ਮੀਰ ਘਾਟੀ ਵਿੱਚ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਛੇੜੀ ਹੈ। ਫੌਜ ਦੀ ਇਸ ਲਿਸਟ ਵਿੱਚ ਪਾਕਿਸਤਾਨ ਤੋਂ ਸਿਖਲਾਈ ਲੈ ਕੇ ਆ ਰਹੇ ਅੱਤਵਾਦੀ ਵੀ ਸ਼ਾਮਲ ਹਨ। ਇਨ੍ਹਾਂ ਅੱਤਵਾਦੀਆਂ ਦੇ ਮਾਰੇ ਜਾਣ ਬਾਅਦ ਹਾਫ਼ਿਜ਼ ਸਈਦ ਭੜਕਿਆ ਹੋਇਆ ਹੈ। ਆਪਣੇ ਮਨਸੂਬੇ ਪੂਰੇ ਨਾ ਹੁੰਦੇ ਵੇਖ ਉਹ ਕਸ਼ਮੀਰ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਕਸ਼ਮੀਰ ਦੇ ਪੁਲਵਾਮਾ ਵਿੱਚ 7 ਸਥਾਨਕ ਨਾਗਰਿਕਾਂ ਦੀ ਮੌਤ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕੱਲ੍ਹ ਬਾਜ਼ਾਰ ਬੰਦ ਰਹੇ। ਅੱਜ ਅਲਗਾਵਵਾਦੀ ਸ੍ਰੀਨਗਰ ਵਿੱਚ ਫੌਜ ਹੈੱਡਕੁਆਰਟਰ ਤਕ ਮਾਰਚ ਕੱਢਿਆ ਜਾਏਗਾ।