ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਸਾਰੇ ਦੇਸ਼ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਖ-ਵੱਖ ਲੋਕਾਂ ‘ਤੇ ਇਸ ਦੀਆਂ ਵੱਖ-ਵੱਖ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਮਾਮਲੇ ‘ਤੇ ਜੇਐਨਯੂ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ। ਕਨ੍ਹਈਆ ਨੇ ਕਿਹਾ, “ਅਸੀਂ ਸਾਵਰਕਰ ਦੇ ਸੁਪਨਿਆ ਦਾ ਨਹੀਂ ਸਗੋਂ ਭਗਤ ਸਿੰਘ ਤੇ ਅੰਬੇਡਕਰ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਹੈ”।

ਉਨ੍ਹਾਂ ਨੇ ਐਨਆਰਸੀ ਦੇ ਨਤੀਜਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਹਿੰਦੂ-ਮੁਸਲਮਾਨ ਦਾ ਮਾਮਲਾ ਨਹੀਂ, ਸਗੋਂ ਇਹ ਸੰਵਿਧਾਨ ਨਾਲ ਜੁੜੀਆ ਮਸਲਾ ਹੈ। ਸੰਵਿਧਾਨ ਨੂੰ ਖ਼ਰਾਬ ਹੋਣ ਤੋਂ ਬਚਾਉਣ ਦਾ ਮਾਮਲਾ ਹੈ।

ਸੀਏਏ ਦੇ ਵਿਰੋਧ ‘ਚ ਕੀਤੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਨ੍ਹਈਆ ਕੁਮਾਰ ਨੇ ਕਿਹਾ, “ਇਹ ਲੜਾਈ ਇੱਕ ਦਿਨ ਦੀ ਨਹੀਂ। ਇਹ ਲੰਬੀ ਚੱਲੇਗੀ”। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਜੋਸ਼ ਤੇ ਹੋਸ਼ ‘ਚ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਇਸ ਲੜਾਈ ਨੂੰ ਅੰਜਾਮ ਤਕ ਪਹੁੰਚਾਉਣਾ ਹੈ। ਰੈਲੀ ਵਿੱਚ ਨੌਜਵਾਨਾਂ ਦਾ ਹੜ੍ਹ ਆਇਆ ਹੋਇਆ ਸੀ।