ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) 'ਚ ਪਿਛਲੇ ਸਾਲ 9 ਫਰਵਰੀ ਨੂੰ ਹੋਏ ਵਿਵਾਦਤ ਸਮਾਗਮ ਲਈ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਸਮੇਤ 15 ਖ਼ਿਲਾਫ਼ ਯੂਨੀਵਰਸਿਟੀ ਵੱਲੋਂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਨੂੰ ਦਿੱਲੀ ਹਾਈ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ।
ਜਸਟਿਸ ਵੀ ਕੇ ਰਾਓ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਦਾ ਪੱਖ ਸੁਣੇ ਅਤੇ ਫਿਰ ਕੋਈ ਫ਼ੈਸਲਾ ਕਰੇ। ਅਦਾਲਤ ਨੇ ਜੇਐਨਯੂ ਦੀ ਅਪੀਲ ਅਥਾਰਟੀ ਨੂੰ ਵਿਦਿਆਰਥੀਆਂ ਦਾ ਪੱਖ ਸੁਣ ਕੇ ੬ ਹਫ਼ਤਿਆਂ 'ਚ ਜਾਇਜ਼ ਹੁਕਮ ਪਾਸ ਕਰਨ ਲਈ ਕਿਹਾ ਹੈ। ਵਿਦਿਆਰਥੀਆਂ, ਜਿਨ੍ਹਾਂ 'ਚ ਉਮਰ ਖਾਲਿਦ ਅਤੇ ਅਨਿਰਬਨ ਭੱਟਾਚਾਰੀਆ ਵੀ ਸ਼ਾਮਲ ਹਨ, ਨੂੰ ਅਨੁਸ਼ਾਸਨਹੀਣਤਾ ਦੇ ਲੱਗੇ ਦੋਸ਼ਾਂ ਖ਼ਿਲਾਫ਼ ਆਪਣਾ ਪੱਖ ਰੱਖਣ ਦਾ ਕੋਈ ਮੌਕਾ ਤਕ ਨਹੀਂ ਦਿੱਤਾ ਗਿਆ।
ਵਿਦਿਆਰਥੀਆਂ ਨੇ ਆਪਣੀਆਂ ਪਟੀਸ਼ਨਾਂ 'ਚ ਸਜ਼ਾਵਾਂ ਨੂੰ ਵੀ ਚੁਣੌਤੀ ਦਿੱਤੀ ਸੀ ਜਿਸ ਤਹਿਤ ਕੁਝ ਦੀ ਸਮੈਸਟਰਾਂ ਤੋਂ ਛੁੱਟੀ ਕਰ ਦਿੱਤੀ ਗਈ ਸੀ ਅਤੇ ਕਈਆਂ ਨੂੰ ਹੋਸਟਲ 'ਚੋਂ ਕੱਢ ਦਿੱਤਾ ਗਿਆ ਸੀ। ਯੂਨੀਵਰਸਿਟੀ ਨੇ ਉਮਰ ਨੂੰ ਇਸ ਸਾਲ ਦਸੰਬਰ ਤਕ ਅਤੇ ਭੱਟਾਚਾਰੀਆ ਨੂੰ ਪੰਜ ਸਾਲਾਂ ਲਈ ਯੂਨੀਵਰਸਿਟੀ 'ਚੋਂ ਕੱਢ ਦਿੱਤਾ ਸੀ।