ਮੁੰਬਈ: ਅਮਰੀਕੀ ਮੀਡੀਆ ਕੰਪਨੀ 'ਵਾਈਸ' ਵੱਲੋਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ "ਐਨ ਇਨਸਿਗਨੀਫ਼ਿਕੈਂਟ ਮੈਨ" ਨੂੰ ਛੇਤੀ ਹੀ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਿਰਦੇਸ਼ਕ ਖੂਸ਼ਬੂ ਰੰਕਾ ਤੇ ਵਿਨੈ ਸ਼ੁਕਲਾ ਹਨ।

ਇਹ ਫ਼ਿਲਮ ਕੇਜਰੀਵਾਲ ਦੇ ਬਤੌਰ ਸਮਾਜਕ ਕਾਰਕੁੰਨ ਤੋਂ ਸਿਆਸੀ ਆਗੂ ਬਣਤ ਤਕ ਦਾ ਸਫ਼ਰ ਦਰਸਾਏਗੀ। ਇਸ ਦੇ ਨਿਰਮਾਤਾ ਆਨੰਦ ਗਾਂਧੀ ਨੇ ਫ਼ਿਲਮ ਨੂੰ ਸ਼ਾਹਕਾਰ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਭਾਰਤ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਸ ਫ਼ਿਲਮ ਦੇ ਨਿਰਮਾਤਾਵਾਂ ਤੋਂ ਸੈਂਸਰ ਬੋਰਡ ਦੇ ਸਾਬਕਾ ਮੁਖੀ ਪਹਿਲਾਜ ਨਹਿਲਾਨੀ ਸਮੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਅਰਵਿੰਦ ਕੇਜਰੀਵਾਲ ਤੋਂ "ਕੋਈ ਇਤਰਾਜ਼ ਨਹੀਂ" ਦਾ ਪ੍ਰਮਾਣ ਪੱਤਰ ਲਿਆ ਕੇ ਦੇਣ ਲਈ ਕਿਹਾ ਗਿਆ ਸੀ।

ਫ਼ਿਲਮਕਾਰਾਂ ਨੇ ਦੱਸਿਆ ਕਿ ਭਾਰਤ ਵਿੱਚ ਇਸ ਫ਼ਿਲਮ ਨੂੰ 17 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ 22 ਦੇਸ਼ਾਂ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।