ਨਵੀਂ ਦਿੱਲੀ : ਯੂਪੀ ਦੇ ਕਾਨਪੁਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜਿੱਥੇ   40-50 ਦੇ ਕਰੀਬ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਛੱਪੜ ਵਿੱਚ ਡਿੱਗ ਗਈ ਹੈ। ਇਸ ਹਾਦਸੇ 'ਚ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 11 ਔਰਤਾਂ ਅਤੇ 11 ਬੱਚੇ ਸ਼ਾਮਲ ਹਨ, ਜਦਕਿ ਦੋ ਦਰਜਨ ਤੋਂ ਵੱਧ ਜ਼ਖਮੀ ਹਨ। ਕਈਆਂ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ ਹੈ। 


 

ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਪੂਰੇ ਜ਼ੋਰਾਂ 'ਤੇ ਹੈ। ਬਚਾਅ ਦਲ ਦੇ ਮੈਂਬਰ ਹੋਰ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਪੁਲਿਸ  ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਸਾਧ ਥਾਣਾ ਖੇਤਰ ਦੇ ਪਿੰਡ ਕੋਰਥਾ ਦੇ ਸ਼ਰਧਾਲੂ ਟਰੈਕਟਰ-ਟਰਾਲੀ ਰਾਹੀਂ ਫਤਿਹਪੁਰ ਸਥਿਤ ਚੰਦਰਿਕਾ ਦੇਵੀ ਮੰਦਰ ਗਏ ਸਨ। ਦਰਸ਼ਨ ਕਰਕੇ ਵਾਪਸ ਪਰਤਦੇ ਸਮੇਂ ਟਰਾਲੀ ਵਿੱਚ 40-50 ਦੇ ਕਰੀਬ ਲੋਕ ਸਵਾਰ ਸਨ। ਪਿੰਡ ਸਾਦ ਅਤੇ ਗੰਭੀਰਪੁਰ ਵਿਚਕਾਰ ਸੜਕ ਕਿਨਾਰੇ ਛੱਪੜ ਵਿੱਚ ਟਰਾਲੀ ਪਲਟ ਗਈ।

ਇਸ ਘਟਨਾ ਨੂੰ ਲੈ ਕੇ ਪੀਐਮਓ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ। ਇਸ ਟਵੀਟ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਮੇਰੀ ਸੰਵੇਦਨਾ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ। ਮੈਂ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਫੌਰੀ ਪ੍ਰਭਾਵ ਨਾਲ ਜ਼ਖਮੀਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਪੁਰ 'ਚ ਟਰੈਕਟਰ-ਟਰਾਲੀ ਹਾਦਸੇ 'ਤੇ ਸੋਗ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਵਾਪਰਿਆ ਸੜਕ ਹਾਦਸਾ ਬਹੁਤ ਹੀ ਦੁਖਦਾਈ ਅਤੇ ਦਿਲ ਕੰਬਾਊ ਹੈ। ਸਥਾਨਕ ਪ੍ਰਸ਼ਾਸਨ ਜ਼ਖਮੀਆਂ ਦੇ ਇਲਾਜ 'ਚ ਜੁਟਿਆ ਹੋਇਆ ਹੈ। ਇਸ ਘਟਨਾ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਮੈਂਬਰਾਂ ਨੂੰ ਗਵਾਇਆ ਹੈ, ਉਨ੍ਹਾਂ ਦੇ ਇਸ ਨਾ ਪੂਰਾ ਵਾਲੇ ਘਾਟੇ 'ਤੇ ਮੈਂ ਸੰਵੇਦਨਾ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ।

 ਸੀਐਮ ਯੋਗੀ ਆਦਿਤਿਆਨਾਥ ਨੇ ਵੀ ਇਸ ਘਟਨਾ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਕਿ ਕਾਨਪੁਰ ਜ਼ਿਲੇ 'ਚ ਸੜਕ ਹਾਦਸੇ 'ਚ ਜਾਨੀ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਛੜੀਆਂ ਰੂਹਾਂ ਦੀ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਮੁੱਖ ਮੰਤਰੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਸੀਐਮ ਯੋਗੀ ਨੇ ਆਪਣੇ ਦੋ ਸੀਨੀਅਰ ਮੰਤਰੀਆਂ ਰਾਕੇਸ਼ ਸਚਾਨ ਅਤੇ ਅਜੀਤ ਪਾਲ ਨੂੰ ਮੌਕੇ 'ਤੇ ਭੇਜਿਆ ਸੀ ਤਾਂ ਜੋ ਰਾਹਤ ਅਤੇ ਬਚਾਅ ਕਾਰਜ ਨੂੰ ਬਿਹਤਰ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਸੀਐਮ ਯੋਗੀ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

ਇੱਕ ਹੋਰ ਟਵੀਟ ਵਿੱਚ ਸੀਐਮ ਯੋਗੀ ਨੇ ਕਿਹਾ ਕਿ ਕਾਨਪੁਰ ਜ਼ਿਲ੍ਹੇ ਵਿੱਚ ਸੜਕ ਹਾਦਸਾ ਬਹੁਤ ਦਿਲ ਦਹਿਲਾਉਣ ਵਾਲਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਚਲਾਉਣ ਅਤੇ ਜ਼ਖਮੀਆਂ ਦੇ ਇਲਾਜ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਯੂਪੀ ਦੇ ਫਤਿਹਪੁਰ ਚੰਦਰਿਕਾ ਦੇਵੀ ਮੰਦਰ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ ਟਰਾਲੀ ਕਾਨਪੁਰ ਵਿੱਚ ਪਲਟਣ ਅਤੇ ਛੱਪੜ ਵਿੱਚ ਡਿੱਗਣ ਨਾਲ 23 ਲੋਕਾਂ ਦੇ ਮਾਰੇ ਜਾਣ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਉਨ੍ਹਾਂ ਦੀ ਮਦਦ ਕਰੇ।