ਕਰਨਾਲ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਸਿਖਰ 'ਤੇ ਹੈ। ਅਜਿਹੇ 'ਚ ਕਈ ਤਰ੍ਹਾਂ ਦੀਆਂ ਖ਼ਬਰਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ। ਕਰਨਾਲ ਦੇ ਮੁੰਡੀਗੜੀ 'ਚ ਸਾਜਿਦ ਖਾਨ ਨਾਂਅ ਦੇ ਕਿਸਾਨ ਨੇ ਕਿਸਾਨ ਅੰਦੋਲਨ ਦੇ ਸਮਰਥਨ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਆਪਣੀ ਪੰਜ ਏਕੜ ਫਸਲ ਟ੍ਰੈਕਟਰ ਨਾਲ ਵਾਹ ਦਿੱਤੀ।


ਇਹ ਕਿਸਾਨ ਦਾ ਗੁੱਸਾ ਹੀ ਸੀ ਜੋ ਸਰਕਾਰ ਖਿਲਾਫ ਨਿੱਕਲ ਰਿਹਾ ਸੀ। ਗੁੱਸੇ 'ਚ ਕਿਸਾਨ ਨੇ ਨਾ ਆਪਣੀ ਫਸਲ ਦੇਖੀ, ਸਿਰਫ਼ ਕਿਸਾਨਾਂ ਲਈ ਹਮਦਰਦੀ ਜਤਾਈ। ਕਣਕ ਦੀ ਫਸਲ ਇਕ ਮਹੀਨੇ ਬਾਅਦ ਪੱਕ ਕੇ ਤਿਆਰ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਨੇ ਆਪਣੀ 5 ਏਕੜ ਦੀ ਫਸਲ ਦਾ ਨੁਕਸਾਨ ਕਰ ਦਿੱਤਾ। ਕਿਸਾਨ ਅੰਦੋਲਨ ਨੂੰ ਸਮਰਥਨ ਦਿੰਦਿਆਂ ਸਾਜਿਦ ਖਾਨ ਨੇ ਕਿਹਾ ਕਿ ਜੇਕਰ ਮੇਰੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇਗੀ ਤਾਂ ਮੈਂ ਉਨ੍ਹਾਂ ਦੀ ਮਦਦ ਕਰੂੰਗਾ।