Karnal Farmer Protest: ਕਰਨਾਲ 'ਚ ਕਿਸਾਨਾਂ ਦੇ ਧਰਨੇ ਦਾ ਅੱਜ ਪੰਜਵਾਂ ਦਿਨ ਹੈ। ਅੱਗੇ ਦੀ ਰਣਨੀਤੀ ਤੈਅ ਕਰਨ ਲਈ ਕਿਸਾਨ ਅੱਜ ਬੈਠਕ ਕਰਨਗੇ। ਇਸ ਦਰਮਿਆਨ ਪ੍ਰਸ਼ਾਸਨ ਤੇ ਕਿਸਾਨਾਂ ਦੀ ਤਿੰਨ ਦੌਰ ਦੀ ਗੱਲਬਾਤ ਬੇਨਤੀਜਾ ਰਹਿ ਚੁੱਕੀ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਕਿਸਾਨ ਲਾਠੀਚਾਰਜ ਦੀ ਘਟਨਾ ਤੋਂ ਗੁੱਸੇ 'ਚ ਹਨ। ਅਜਿਹੇ 'ਚ ਅੱਜ ਦੁਪਹਿਰ ਤਿੰਨ ਵਜੇ ਕਿਸਾਨ ਲੀਡਰ ਧਰਨੇ ਨੂੰ ਲੈਕੇ ਅੱਗੇ ਦੀ ਰਣਨੀਤੀ ਲਈ ਬੈਠਕ ਕਰਨਗੇ।


ਕਿਸਾਨ ਸੰਘ ਦੇ ਲੀਡਰ ਤੇ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਸ਼ਨੀਵਾਰ ਇਕ ਹੋਰ ਦੌਰ ਦੀ ਗੱਲਬਾਤ ਕਰਨਗੇ। ਜਿਸ 'ਚ ਦੋਵਾਂ ਪੱਖਾਂ ਨੂੰ ਸ਼ੁੱਕਰਵਾਰ ਚਾਰ ਘੰਟੇ ਦੀ ਲੰਬੀ ਮੈਰਾਥਨ ਬੈਠਕ ਤੋਂ ਬਾਅਦ ਮੁੱਦਿਆਂ ਦੇ ਜਲਦ ਹੱਲ ਦੀ ਉਮੀਦ ਹੈ। 28 ਅਗਸਤ ਨੂੰ ਪੁਲਿਸ ਲਾਠੀਚਾਰਜ ਖਿਲਾਫ ਕਿਸਾਨਾਂ ਨੇ ਮੰਗਲਵਾਰ ਕਰਨਾਲ 'ਚ ਜ਼ਿਲ੍ਹਾ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਸੀ।


ਕਿਸਾਨਾਂ ਦੀ ਮੁੱਖ ਮੰਗ ਤਤਕਾਲੀ ਐਸਡੀਐਮ ਆਯੁਸ਼ ਸਿਨ੍ਹਾ ਨੂੰ ਸਸਪੈਂਡ ਕਰਨਾ ਹੈ। ਜੋ ਕਥਿਤ ਤੌਰ 'ਤੇ ਪੁਲਿਸ ਕਰਮਚਾਰੀਆਂ ਨੂੰ ਕਹਿੰਦੇ ਸੁਣੇ ਸੀ ਕਿ ਜੇਕਰ ਉਹ ਹੱਦ ਪਾਰ ਕਰਦੇ ਹਨ ਤਾਂ ਕਿਸਾਨਾਂ ਦਾ ਸਿਰ ਭੰਨ੍ਹ ਦਿਉ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ 28 ਅਗਸਤ ਦੀ ਹਿੰਸਾ ਤੋਂ ਬਾਅਦ ਇਕ ਕਿਸਾਨ ਦੀ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਇਸ ਇਲਜ਼ਾਮ ਨੂੰ ਖਾਰਜ ਕੀਤਾ ਹੈ।


ਬੀਜੇਪੀ ਦੇ ਇਕ ਬੈਠਕ ਸਥਾਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਦੌਰਾਨ ਪੁਲਿਸ ਦੇ ਨਾਲ ਝੜਪ 'ਚ ਕਰੀਬ 10 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ ਸਨ। ਕਰਨਾਲ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ, 'ਅਸੀਂ ਚਾਰ ਘੰਟੇ ਤਕ ਚਰਚਾ ਕੀਤੀ। ਕੁਝ ਸਾਕਾਰਾਤਮਕ ਗੱਲਾਂ ਸਾਹਮਣੇ ਆਈਆਂ ਹਨ ਤੇ ਸ਼ਨੀਵਾਰ ਇਕ ਹੋਰ ਬੈਠਕ ਹੋਵੇਗੀ।'


ਦੱਸ ਦੇਈਏ ਹਰਿਆਣਾ ਦੇ ਕਰਨਾਲ 'ਚ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਸੀ। ਚਾਰ ਦਿਨ ਬਾਅਦ ਸ਼ੁੱਕਰਵਾਰ ਇੰਟਰਨੈੱਟ ਸੇਵਾ ਤੋਂ ਪਾਬੰਦੀ ਹਟਾਈ ਗਈ ਸੀ।