ਕਰਨਾਲ: ਕਰਨਾਲ ਲਾਠੀਚਾਰਜ ਦੇ ਮਾਮਲੇ ਉੱਪਰ ਹਰਿਆਣਾ ਸਰਕਾਰ ਕਸੂਤੀ ਘਿਰਦੀ ਜਾ ਰਹੀ ਹੈ। ਕਰਨਾਲ 'ਚ ਮਿੰਨੀ ਸਕੱਤਰੇਤ ਬਾਹਰ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਬਸਤਾੜਾ ਟੋਲ ਪਲਾਜ਼ਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਧਰਨੇ 'ਤੇ ਬੈਠੇ ਹੋਏ ਹਨ। ਟਕਰਾਅ ਵਾਲੀ ਸਥਿਤੀ ਨੂੰ ਖ਼ਤਮ ਕਰਵਾਉਣ ਲਈ ਕਿਸਾਨ ਆਗੂਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਬੁੱਧਵਾਰ ਨੂੰ ਗੱਲਬਾਤ ਮੁੜ ਸ਼ੁਰੂ ਹੋਣ ਦੀ ਉਮੀਦ ਹੈ।




ਮੰਗਲਵਾਰ ਸਵੇਰ ਤੋਂ ਹੀ ਕਰਨਾਲ 'ਚ ਕਿਸਾਨਾਂ ਦਾ ਹੜ੍ਹ ਆ ਗਿਆ ਸੀ। ਬੈਰੀਕੇਡ ਤੋੜਦੇ, ਪਾਣੀ ਦੀਆਂ ਬੁਛਾੜਾਂ ਝੱਲਦੇ ਹੋਏ ਕਿਸਾਨ ਦੇਰ ਸ਼ਾਮ ਮਿੰਨੀ ਸਕੱਤਰੇਤ ਪਹੁੰਚ ਗਏ ਸਨ। ਕਿਸਾਨਾਂ ਨੇ ਸਕੱਤਰੇਤ ਦੇ ਬਾਹਰ ਟੈਂਟ ਗੱਡ ਦਿੱਤੇ ਹਨ ਤੇ ਮੰਗਾਂ ਪੂਰੀਆਂ ਨਾ ਹੋਣ ਤਕ ਇੱਥੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ।


ਦਰਅਸਲ ਬੀਤੀ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ 'ਤੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੇ ਵਿਰੋਧ 'ਚ ਕਿਸਾਨਾਂ ਨੇ 7 ਸਤੰਬਰ ਨੂੰ ਕਰਨਾਲ ਅਨਾਜ ਮੰਡੀ 'ਚ ਮਹਾਂਪੰਚਾਇਤ ਕੀਤੀ, ਕਿਉਂਕਿ ਪੁਲਿਸ ਲਾਠੀਚਾਰਜ 'ਚ ਜ਼ਖ਼ਮੀ ਹੋਏ ਕਰਨਾਲ ਦੇ ਰਾਏਪੁਰ ਜਾਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਸੀ।


ਕਿਸਾਨਾਂ ਦੀ ਮੰਗ ਹੀ ਕੈ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਐਸਡੀਐਮ, ਡੀਐਸਪੀ ਸਮੇਤ ਹੋਰ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗ। ਲਾਠੀਚਾਰਜ ਦੌਰਾਨ ਜ਼ਖ਼ਮੀ ਕਿਸਾਨਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।


ਇਸੇ ਸਬੰਧ 'ਚ ਮੰਗਲਵਾਰ ਨੂੰ ਕਰਨਾਲ 'ਚ ਮਹਾਂਪੰਚਾਇਤ ਬੁਲਾਈ ਗਈ ਸੀ। ਕਰਨਾਲ ਅਨਾਜ ਮੰਡੀ 'ਚ ਕਿਸਾਨਾਂ ਦੇ ਇਕੱਤਰ ਹੋਣ ਮਗਰੋਂ ਉੱਥੋਂ 5 ਕਿਲੋਮੀਟਰ ਦੂਰ ਮਿੰਨੀ ਸਕੱਤਰੇਤ ਵੱਲ ਕੂਚ ਕੀਤਾ ਗਿਆ। ਕਿਸਾਨਾਂ ਨੇ ਪੁਲਿਸ ਵੱਲੋਂ ਲਗਾਏ ਦੋ ਬੈਰੀਕੇਡ ਤੋੜੇ, ਜਿਸ ਮਗਰੋਂ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ।


ਪ੍ਰਸ਼ਾਸਨ ਤੇ ਕਿਸਾਨ ਆਗੂਆਂ ਵਿਚਕਾਰ 2 ਘੰਟੇ ਮੀਟਿੰਗ ਵੀ ਹੋਈ, ਪਰ ਕੋਈ ਨਤੀਜਾ ਨਾ ਨਿਕਲਿਆ। ਇਸ ਦੌਰਾਨ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਡੂਨੀ ਤੇ ਯੋਗਿੰਦਰ ਯਾਦਵ ਸਮੇਤ ਹੋਰ ਕਿਸਾਨ ਆਗੂਆਂ ਨੂੰ ਐਨਐਚ-44 'ਤੇ ਪੈਂਦੇ ਨਮਸਤੇ ਚੌਕ ਨੇੜੇ ਕੁਝ ਸਮੇਂ ਲਈ ਹਿਰਾਸਤ 'ਚ ਲੈ ਲਿਆ ਗਿਆ। ਹਾਲਾਤ ਤਣਾਅਪੂਰਨ ਹੁੰਦੇ ਵੇਖ ਪੁਲਿਸ ਨੂੰ ਪਿੱਛੇ ਹਟਣਾ ਪਿਆ ਤੇ ਕੁਝ ਹੀ ਮਿੰਟਾਂ 'ਚ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ।


ਇਹ ਵੀ ਪੜ੍ਹੋ: ਇੰਡੀਗੋ ਦੀ ਏਅਰ ਹੋਸਟੈਸ ਨੇ ਖਾਲੀ ਜਹਾਜ਼ 'ਚ Manike Mage Hithe 'ਤੇ ਕੀਤਾ ਡਾਂਸ, ਵਾਇਰਲ ਵੀਡੀਓ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904