ਚੰਡੀਗੜ੍ਹ: ਕਰਨਾਟਕ ਦੇ ਜ਼ਿਲ੍ਹਾ ਮਾਂਡਿਆ ’ਚ ਸ਼ਨੀਵਾਰ ਇੱਕ ਬੱਸ ਨਹਿਰ 'ਚ ਡਿੱਗ ਗਈ। ਇਸ ਹਾਦਸੇ ਵਿੱਚ 25 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਜ਼ਿਆਦਾਤਰ ਸਕੂਲੀ ਬੱਚੇ ਸ਼ਾਮਲ ਹਨ ਜੋ ਸਕੂਲੋਂ ਵਾਪਸ ਘਰਾਂ ਨੂੰ ਆ ਰਹੇ ਸਨ। ਦੁਰਘਟਨਾ ਪਾਂਡਵਪੁਰਾ ਦੇ ਤਾਲੁਕਾ 'ਚ ਸ਼ਨੀਵਾਰ ਦੁਪਹਿਰ ਸਮੇਂ ਵਾਪਰੀ। ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਨੇ ਇਸ ਦੁਰਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਹਾਦਸੇ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਹਾਦਸਾ ਬੱਸ ਚਾਲਕ ਦੀ ਗ਼ਲਤੀ ਨਾਲ ਵਾਪਰਿਆ ਹੈ।



ਇਸ ਹਾਦਸੇ ਵਿੱਚ ਇੱਕ ਨੌਜਵਾਨ ਨੇ ਚੱਲਦੀ ਬੱਸ ਵਿੱਚੋਂ ਛਾਲ ਮਾਰ ਦਿੱਤੀ ਸੀ। ਹਾਦਸਾਗ੍ਰਸਤ ਬੱਸ ਵਿੱਚ ਸਫ਼ਰ ਕਰਨ ਵਾਲਾ ਉਹ ਇਕੱਲਾ ਹੁਣ ਤਕ ਦਾ ਜਿਊਂਦਾ ਸ਼ਖ਼ਸ ਹੈ। ਪੁਲਿਸ ਮੁਤਾਬਕ ਹਾਲੇ ਨੌਜਵਾਨ ਸਦਮੇ ਵਿੱਚ ਹੈ। ਉਸੇ ਕੋਲੋਂ ਹੀ ਬੱਸ ਵਿੱਚ ਸਵਾਰ ਲੋਕਾਂ ਦੀ ਗਿਣਤੀ ਦੀ ਜਾਣਕਾਰੀ ਮਿਲ ਸਕਦੀ ਹੈ।



ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਬੱਸ ਅਚਾਨਕ ਪਾਣੀ 'ਚ ਡਿੱਗੀ ਤੇ ਉਸ ਪਿੱਛੋਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਚਾਅ ਦਲ ਘਟਨਾ ਸਥਾਨ ’ਤੇ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਤੁਰੰਤ ਘਟਨਾ ਵਾਲੀ ਥਾਂ ਪੁੱਜਣ ਤੇ ਬਚਾਅ ਕਾਰਜਾਂ ’ਤੇ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ।