ਚੰਡੀਗੜ: ਕਰਨਾਟਕ ਵਿੱਚ ਨਵੀਂ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਕਾਂਗਰਸ ਦੇ 9 ਤੇ ਜੇਡੀਐਸ ਦੇ 3 ਵਿਧਾਇਕ ਸਪੀਕਰ ਨੂੰ ਮਿਲਣ ਪਹੁੰਚੇ ਹਨ। ਖ਼ਦਸ਼ਾ ਹੈ ਕਿ ਕਾਂਗਰਸ-ਜੇਡੀਐਸ ਦੇ 12 ਵਿਧਾਇਕ ਅਸਤੀਫਾ ਦੇ ਸਕਦੇ ਹਨ। ਜੇ ਅਜਿਹਾ ਹੋਇਆ ਤਾਂ ਕਰਨਾਟਕ ਦੀ ਜੇਡੀਐਸ-ਕਾਂਗਰਸ ਗਠਜੋੜ ਦੀ ਸਰਕਾਰ ਲਈ ਇਹ ਵੱਡਾ ਝਟਕਾ ਹੋਏਗਾ। ਇਸ ਸੰਕਟ ਦੇ ਮੱਦੇਨਜ਼ਰ ਕਾਂਗਰਸ ਦੇ ਕਰਨਾਟਕ ਇੰਚਾਰਜ ਕੇਸੀ ਵੇਣੂਗੋਪਾਲ ਬੰਗਲੁਰੂ ਪਹੁੰਚ ਰਹੇ ਹਨ। ਦੱਸ ਦੇਈਏ ਜੇ ਇਨ੍ਹਾਂ ਵਿਧਾਇਕਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਤਾਂ ਕਰਨਾਟਕ ਵਿੱਚ ਬੀਜੇਪੀ ਦੀ ਸਰਕਾਰ ਬਣ ਸਕਦੀ ਹੈ।

ਸੂਤਰਾਂ ਮੁਤਾਬਕ ਰਾਜਪਾਲ ਕਰਨਾਟਕ ਵਿੱਚ 17 ਜੁਲਾਈ ਨੂੰ ਵਿਧਾਨ ਸਭਾ ਵਿੱਚ ਬਹੁਮਤ ਸਾਬਿਤ ਕਰਨ ਦਾ ਹੁਕਮ ਦੇ ਸਕਦੇ ਹਨ। ਇਸ ਤੋਂ ਪਹਿਲਾਂ ਹੀ ਕਰਨਾਟਕ ਦੇ ਵਿਜੇਨਗਰ ਦੇ ਕਾਂਗਰਸ ਵਿਧਾਇਕ ਆਨੰਦ ਸਿੰਘ ਨੇ ਸੋਮਵਾਰ ਨੂੰ ਵਿਧਾਨ ਸਭਾ ਪ੍ਰਧਾਨ ਰਮੇਸ਼ ਕੁਮਾਰ ਨੂੰ ਅਸਤੀਫਾ ਦੇ ਦਿੱਤਾ।



ਦੱਸ ਦੇਈਏ ਕਰਨਾਟਕ ਵਿਧਾਨ ਸਭਾ ਵਿੱਚ ਕਾਂਗਰਸ-ਜੇਡੀਐਸ ਦੇ ਵਿਧਾਇਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਕਰਨਾਟਕ ਵਿੱਚ ਕੁੱਲ 224 ਵਿਧਾਨ ਸਭਾ ਸੀਟਾਂ ਹਨ। ਬਹੁਮਤ ਲਈ 113 ਵਿਧਾਇਕ ਚਾਹੀਦੇ ਹਨ। ਫਿਲਹਾਲ ਬੀਜੇਪੀ ਦੇ 105 ਵਿਧਾਇਕ ਹਨ ਜਦਕਿ ਕਾਂਗਰਸ ਕੋਲ ਸਪੀਕਰ ਨੂੰ ਮਿਲਾ ਕੇ ਕੁੱਲ 80 ਤੇ ਜੇਡੀਐਸ ਕੋਲ 37 ਵਿਧਾਇਕ ਹਨ। ਇਸ ਤਰ੍ਹਾਂ ਦੋਵਾਂ ਕੋਲ ਮਿਲਾ ਕੇ 117 ਵਿਧਾਇਕ ਹਨ। ਬੀਐਸਪੀ ਤੇ ਨਿਰਦਲੀਏ ਵੀ ਕਾਂਗਰਸ ਤੇ ਜੇਡੀਐਸ ਦੇ ਗਠਜੋਰ ਦਾ ਸਮਰਥਨ ਕਰ ਰਹੇ ਹਨ।

ਹੁਣ ਜੇ 12 ਵਿਧਾਇਕ ਸਪੀਕਰ ਨੂੰ ਅਸਤੀਫਾ ਸੌਪ ਦਿੰਦੇ ਹਨ ਤਾਂ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 70 ਹੋ ਜਾਏਗੀ ਤੇ ਜੇਡੀਐਸ ਕੋਲ 34 ਵਿਧਾਇਕ ਰਹਿ ਜਾਣਗੇ। ਦੋਵਾਂ ਦੇ ਮਿਲਾ ਕੇ 105 ਵਿਧਾਇਕ ਹੋਣਗੇ। ਇਸ ਹਾਲਾਤ ਤੋਂ ਸਾਫ ਹੈ ਕਿ ਬੀਜੇਪੀ ਦੀ ਪ੍ਰਦੇਸ਼ ਵਿੱਚ ਸਰਕਾਰ ਬਣਾਉਣ ਦੀ ਉਮੀਦ ਵਧ ਜਾਏਗੀ ਤੇ ਸੂਬੇ ਵਿੱਚ ਵੱਡਾ ਸਿਆਸੀ ਉਲਟਫੇਰ ਹੋ ਜਾਏਗਾ।