ਕੋਲਕਾਤਾ: ਨੋਬਲ ਐਵਾਰਡ ਨਾਲ ਸਨਮਾਨਿਤ ਅਰਥਸ਼ਾਸਤਰੀ ਅਮਤਯ ਸੇਨ ਨੇ ਕਿਹਾ ਕਿ ‘ਮਾਂ ਦੁਰਗਾ’ ਦੇ ਜੈਕਾਰੇ ਦੀ ਤਰ੍ਹਾਂ ‘ਜੈ ਸ੍ਰੀਰਾਮ’ ਦਾ ਨਾਰਾ ਬੰਗਾਲੀ ਸੰਸਕ੍ਰਿਤੀ ਨਾਲ ਨਹੀਂ ਜੁੜਿਆ ਅਤੇ ਇਸ ਦਾ ਇਸਤੇਮਾਲ ਲੋਕਾਂ ਨੂੰ ਕੁੱਟਣ ਦੇ ਬਹਾਨੇ ਦੇ ਤੌਰ ‘ਤੇ ਕੀਤਾ ਜਾਂਦਾ ਹੈ। ਸੇਨ ਨੇ ਜਾਦਵਪੁਰ ਯੂਨੀਵਰਸਿਟੀ ‘ਚ ਕਿਹਾ ਕਿ ‘ਮਾਂ ਦੁਰਗਾ’ ਬੰਗਾਲੀਆਂ ਦੀ ਜ਼ਿੰਦਗੀ ‘ਤੇ ਸਰਵ ਵਿਆਪਕ ਹੈ।


ਉਨ੍ਹਾਂ ਨੇ ਕਿਹਾ, “ਮੈਂ ਆਪਣੀ ਚਾਰ ਸਾਲ ਦੀ ਪੋਤੀ ਨੂੰ ਪੁੱਛਿਆ ਕਿ ਉਸ ਦੇ ਪਸੰਦੀਦਾ ਭਗਵਾਨ ਕੌਣ ਹਨ? ਉਸ ਨੇ ਜਵਾਬ ਦਿੱਤਾ ਮਾਂ ਦੁਰਗਾ। ਮਾਂ ਦੁਰਗਾ ਸਾਡੀ ਜ਼ਿੰਦਗੀ ‘ਚ ਮੌਜੂਦ ਹੈ। ਮੈਨੂੰ ਲੱਗਦਾ ਹੈ ਕਿ ਜੈ ਸ੍ਰੀ ਰਾਮ ਜਿਹਾ ਨਾਅਰਾ ਲੋਕਾਂ ਨੂੰ ਕੁੱਟਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ।”


ਅਮਤਯ ਸੇਨ ਨੇ ਅੱਗੇ ਕਿਹਾ, “ਜੈ ਸ੍ਰੀਰਾਮ ਨਾਅਰਾ ਬੰਗਾਲੀ ਸੰਸਕ੍ਰਿਤੀ ਨਾਲ ਨਹੀਂ ਜੁੜਿਆ।” ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਰਾਮ ਨੌਮੀ ਪ੍ਰਸਿੱਧੀ ਹਾਸਲ ਕਰ ਰਹੀ ਹੈ ਅਤੇ ਉਨ੍ਹਾਂ ਨੇ ਪਹਿਲਾਂ ਇਸ ਬਾਰੇ ਨਹੀਂ ਸੋਚਿਆ ਸੀ। ਅਰਥਸ਼ਾਸਤਰੀ ਸੇਨ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੇਸ਼ ਦੇ ਕਈ ਸੂਬਿਆਂ ‘ਚ ਜੈ ਸ਼੍ਰੀ ਰਾਮ ਨਾਰੇ ਦੇ ਬਹਾਨੇ ਭੀੜ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।