ਮੋਗਾ: ਜ਼ਿਲ੍ਹਾ ਮੋਗਾ ਦੀਆਂ ਦੋ ਲੜਕੀਆਂ ਨੇ ਆਪਣੇ ਖ਼ੂਨ ਨਾਲ ਚਿੱਠੀ ਲਿਖ ਕੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਆਪਣੇ ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਦੀ ਇਜਾਜ਼ਤ ਮੰਗੀ ਹੈ।

ਦਰਅਸਲ ਇਨ੍ਹਾਂ ਦੋਵਾਂ ਲੜਕੀਆਂ 'ਤੇ ਕਬੂਤਰਬਾਜ਼ੀ ਤੇ ਠੱਗੀ ਦੇ ਦੋ ਵੱਖ-ਵੱਖ ਮਾਮਲੇ ਦਰਜ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਇਨ੍ਹਾਂ ਮਾਮਲਿਆਂ ਵਿੱਚ ਇਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਉੱਧਰ ਮਾਲਮਿਆਂ ਦੀ ਸ਼ਿਕਾਇਤ ਕਰਨ ਵਾਲਿਆਂ ਇਨ੍ਹਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਜਿਸ ਤੋਂ ਤੰਗ ਆ ਕੇ ਇਨ੍ਹਾਂ ਰਾਸ਼ਟਰਪਤੀ ਨੂੰ ਖ਼ੂਨ ਨਾਲ ਚਿੱਠੀ ਲਿਖ ਕੇ ਪਰਿਵਾਰ ਸਮੇਤ ਜ਼ਿੰਦਗੀ ਖ਼ਤਮ ਕਰਨ ਦੀ ਮਨਜ਼ੂਰੀ ਮੰਗੀ ਹੈ।

ਪੀੜਤੀ ਨਿਸ਼ਾ ਤੇ ਅਨਮਜੋਤ ਕੌਰ ਨੇ ਮੀਡੀਆ ਨੂੰ ਇੱਕ ਪੱਤਰ ਜਾਰੀ ਕੀਤਾ ਜਿਸ ਨੂੰ ਉਨ੍ਹਾਂ ਆਪਣੇ ਖ਼ੂਨ ਨਾਲ ਲਿਖਿਆ ਹੈ। ਚਿੱਠੀ ਦਿਖਾਉਂਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ 'ਤੇ 420 ਦੇ ਦੋ ਮਾਮਲੇ ਦਰਜ ਕੀਤੇ ਹਨ। ਕੋਈ ਸੁਣਵਾਈ ਨਹੀਂ ਹੋ ਰਹੀ। ਸ਼ਿਕਾਇਤਕਰਤਾ ਤੰਗ ਕਰ ਰਹੇ ਹਨ। ਇਸ ਲਈ ਉਨ੍ਹਾਂ ਮਰਨ ਦਾ ਫੈਸਲਾ ਲਿਆ ਤੇ ਰਾਸ਼ਟਰਪਤੀ ਕੋਲੋਂ ਇਜਾਜ਼ਤ ਮੰਗੀ ਹੈ।

ਇਸ ਮਾਮਲੇ ਬਾਰੇ ਡੀਐਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਨਿਸ਼ਾ ਤੇ ਅਮਨਜੋਤ ਕੌਰ ਖ਼ਿਲਾਫ਼ 420 ਦੇ ਮਾਮਲੇ ਦਰਜ ਹਨ ਪਰ ਲੜਕੀਆਂ ਨੇ ਕਿਹਾ ਹੈ ਕਿ ਉਨ੍ਹਾਂ 'ਤੇ ਝੂਠੇ ਪਰਚੇ ਦਰਜ ਹੋਏ ਹਨ। ਉਨ੍ਹਾਂ ਡੀਜੀਪੀ ਪੰਜਾਬ ਤੋਂ ਜਾਂਚ ਮਾਰਕ ਕਰਵਾਈ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।