ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਦੇ 352ਵੇਂ ਪ੍ਰਕਾਸ਼ ਪੁਰਬ ’ਤੇ ਉਨ੍ਹਾਂ ਦੀ ਯਾਦ ’ਚ ਸਿੱਕਾ ਜਾਰੀ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਉਨ੍ਹਾਂ ਨਾਲ ਮੰਚ ’ਤੇ ਹਾਜ਼ਰ ਸਨ। ਮੋਦੀ ਨੇ ਕਰਤਾਰਪੁਰ ਲਾਂਘੇ ਸਬੰਧੀ ਕੇਂਦਰ ਸਰਕਾਰ ਦੀ ਪਹਿਲ ਬਾਰੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 1947 ਵਿੱਚ ਜੋ ਸਾਡੇ ਕੋਲੋਂ ਕੁਤਾਹੀ ਹੋਈ ਸੀ, ਇਹ ਉਸ ਦਾ ਪਛਤਾਵਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਗੁਰੂ ਦਾ ਸਭ ਤੋਂ ਮਹੱਤਵਪੂਰਨ ਸਥਾਨ ਸਿਰਫ ਕੁਝ ਹੀ ਕਿੱਲੋਮੀਟਰ ਦੂਰ ਸੀ, ਪਰ ਉਸ ਨੂੰ ਆਪਣੇ ਵੱਲ ਨਹੀਂ ਲਿਆਂਦਾ ਗਿਆ। ਹੁਣ ਇਹ ਲਾਂਘਾ ਉਸ ਨੁਕਸਾਨ ਨੂੰ ਘੱਟ ਕਰਨ ਦਾ ਨਤੀਜਾ ਹੈ। ਇਸ ਬਿਆਨ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ।
ਯਾਦ ਰਹੇ ਕਿ ਦੋ ਸਾਲ ਪਹਿਲਾਂ ਪੀਐਮ ਨਰੇਂਦਰ ਮੋਦੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤੀ ਸੀ। ਪਿਛਲੇ ਸਾਲ 30 ਦਸੰਬਰ ਨੂੰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਬਲੀਦਾਨ ਤੇ ਦੇਸ਼ ਪ੍ਰੇਮ ਦੀ ਤਾਰੀਫ਼ ਵੀ ਕੀਤੀ ਸੀ।