ਨਵੀਂ ਦਿੱਲੀ: ਤਾਮਿਲਨਾਡੂ ਸਰਕਾਰ ਤੇ ਡੀਐਮਕੇ 'ਚ ਕੱਲ੍ਹ ਸਵਰਗਵਾਸ ਹੋਏ ਡੀਐਮਕੇ ਪਾਰਟੀ ਦੇ ਨੇਤਾ ਐਮ ਕਰੁਣਾਨਿਧੀ ਦੇ ਸਮਾਧੀ ਲਈ ਜਗ੍ਹਾ ਪਿੱਛੇ ਵਿਵਾਦ ਸ਼ੁਰੂ ਹੋ ਗਿਆ ਹੈ। ਕਰੁਣਾਨਿਧੀ ਦੀ ਮ੍ਰਿਤਕ ਦੇਹ ਨੂੰ ਹਿੰਦੂ ਹੋਣ ਦੇ ਬਾਵਜੂਦ ਦਫਨਾਇਆ ਜਾਵੇਗਾ ਪਰ ਤਾਮਿਲਨਾਡੂ ਸਰਕਾਰ ਨੇ ਵਿਰੋਧੀ ਪਾਰਟੀ ਡੀਐਮਕੇ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦੀ ਸਮਾਧੀ ਲਈ ਮਰੀਨਾ ਬੀਚ 'ਤੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ 'ਚ ਹਾਈਕਰੋਟ ਦੀ ਦਖਲ ਨਾਲ ਮਰੀਨਾ ਬੀਚ 'ਤੇ ਜਗ੍ਹਾ ਮਿਲ ਗਈ।


ਮੰਨਿਆ ਜਾ ਰਿਹਾ ਕਿ ਡੀਐਮਕੇ ਸਮਾਧੀ ਲਈ ਮਰੀਨਾ ਬੀਚ 'ਤੇ ਜਗ੍ਹਾ ਇਸ ਲਈ ਚਾਹੁੰਦੀ ਹੈ ਕਿਉਂਕਿ ਇੱਥੇ ਹੀ ਦ੍ਰਵਿੜ ਦੇ ਵੱਡੇ ਨੇਤਾ ਤੇ ਡੀਐਮਕੇ ਦੇ ਸੰਸਥਾਪਕ ਅੰਨਾਦੁਰੇ ਦੀ ਸਮਾਧੀ ਹੈ। ਹਾਲਾਂਕਿ ਤਾਮਿਲਨਾਡੂ ਸਰਕਾਰ ਨੇ ਦੇਸ਼ ਦੇ ਪਹਿਲੇ ਗਵਰਨਰ ਜਨਰਲ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸੀ ਰਾਜਗੋਪਾਲਚਿਰੀ ਤੇ ਕੇ ਕਾਮਰਾਜ ਦੇ ਸਮਾਰਕਾਂ ਨੇੜੇ ਜਗ੍ਹਾ ਦੀ ਪੇਸ਼ਕਸ਼ ਕੀਤੀ ਸੀ।

ਕਿਉਂ ਦਫਨਾਇਆ ਜਾਵੇਗਾ ਕੁਰਣਾਨਿਧੀ ਦੀ ਮ੍ਰਿਤਕ ਦੇਹ ਨੂੰ?

ਭਾਰਤ 'ਚ ਹਿੰਦੂਆਂ ਦੇ ਅੰਤਿਮ ਸੰਸਕਾਰ ਦੀ ਪ੍ਰੰਪਰਾ ਹੈ ਪਰ ਕਰੁਣਾਨਿਧੀ ਨੂੰ ਦਫਨਾਇਆ ਜਾਵੇਗਾ। ਦਰਅਸਲ ਤਾਮਿਲਨਾਡੂ ਦੇ ਅੰਨਾਦੁਰੇ ਦੀ ਅਗਵਾਈ 'ਚ ਬਣੀ ਪਾਰਟੀ ਦ੍ਰਵਿੜ ਮੁਨੇਸ਼ ਕੜਗਮ ਯਾਨੀ ਡੀਐਮਕੇ ਸੂਬੇ ਦੀ ਰਾਜਨੀਤੀ 'ਚ ਦ੍ਰਵਿੜ ਸਮਾਜ ਪ੍ਰਤੀ ਵਿਚਾਰਕ ਮਹੱਤਵ ਰੱਖਦੀ ਹੈ। ਪਾਰਟੀ ਮੁਖੀ ਰਹਿ ਚੁੱਕੇ ਅੰਨਾਦੁਰੇ ਦਾ ਦ੍ਰਵਿੜ ਅੰਦੋਲਨ 'ਚ ਵੱਡਾ ਨਾਂ ਰਿਹਾ ਹੈ। ਵਿਚਾਰਕ ਹੋਣ ਦੇ ਬਾਵਜੂਦ ਅੰਨਾ ਬ੍ਰਾਹਮਣਵਾਦੀ ਪ੍ਰੰਪਰਾ ਦੇ ਹਮੇਸ਼ਾ ਵਿਰੋਧੀ ਰਹੇ ਹਨ। ਇਹੀ ਕਾਰਨ ਸੀ ਕਿ ਹਿੰਦੂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਦੇਹਾਂਤ ਤੋਂ ਬਾਅਦ ਚੇਨੱਈ ਦੇ ਮਰੀਨਾ ਬੀਚ 'ਤੇ ਦਫਨਾਇਆ ਗਿਆ ਸੀ।

ਇਸ ਤੋਂ ਬਾਅਦ ਪਾਰਟੀ ਦੇ ਨੇਤਾ ਐਮਜੀ ਰਾਮਚੰਦ੍ਰਨ ਦੀ ਮ੍ਰਿਤਕ ਦੇਹ ਨੂੰ ਵੀ ਅੰਨਾ ਦੀ ਸਮਾਧੀ ਨੇੜੇ ਦਫਨਾਇਆ ਗਿਆ। ਸਾਲ 2016 'ਚ ਤਾਮਿਲਨਾਡੂ ਦੀ ਮੁੱਖ ਮੰਤਰੀ ਤੇ ਏਆਈਏਡੀਐਮਕੇ ਦੀ ਮੁਖੀ ਰਹਿ ਚੁੱਕੀ ਜੈਲਲਿਤਾ ਨੂੰ ਵੀ ਦੇਹਾਂਤ ਤੋਂ ਬਾਅਦ ਐਮਜੀਆਰ ਦੀ ਸਮਾਧੀ ਦੇ ਨੇੜੇ ਦਫਨਾਇਆ ਗਿਆ ਸੀ।

ਕਰੁਣਾਨਿਧੀ ਵੀ ਤਾਮਿਲਨਾਡੂ ਦੀ ਰਾਜਨੀਤੀ 'ਚ ਦ੍ਰਵਿੜ ਪ੍ਰੰਪਰਾ ਦੇ ਵਾਹਕ ਰਹਿ ਚੁੱਕੇ ਹਨ। ਰਾਜਨੇਤਾ ਹੋਣ ਦੇ ਨਾਲ-ਨਾਲ ਉੱਥੋਂ ਦੇ ਸਥਾਨਕ ਲੋਕਾਂ 'ਚ ਕਰੁਣਾਨਿਧੀ ਪ੍ਰਤੀ ਜਨਨੇਤਾ ਦਾ ਭਾਵਨਾ ਸੀ। ਇਸੇ ਦੇ ਚੱਲਦਿਆਂ ਅੰਨਾਦੁਰੇ ਦੀ ਤਰ੍ਹਾਂ ਕਰੁਣਾਨਿਧੀ ਦੀ ਮ੍ਰਿਤਕ ਦੇਹ ਨੂੰ ਵੀ ਦਫਨਾਇਆ ਜਾਵੇਗਾ।