ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਪਾਸੋਂ ਘੁਸਪੈਠ ਦੀ ਕੋਸ਼ਿਸ਼ ਮੌਕੇ ਹੋਏ ਮੁਕਾਬਲੇ ਦੌਰਾਨ ਫ਼ੌਜ ਦਾ ਇੱਕ ਮੇਜਰ ਤੇ ਤਿੰਨ ਜਵਾਨ ਸ਼ਹੀਦ ਹੋ ਗਏ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਅੱਤਵਾਦੀਆਂ ਨੇ ਬਾਂਦੀਪੁਰਾ ਦੇ ਗੁਰੇਜ਼ ਸੈਕਟਰ ਵਿੱਚ ਕੰਟਰੋਲ ਰੇਖਾ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਮੁਕਾਬਲੇ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ।


ਪ੍ਰਾਪਤ ਜਾਣਕਾਰੀ ਮੁਤਾਬਕ ਅੱਠ ਘੁਸਪੈਠੀਆਂ ’ਚੋਂ ਦੋ ਮਾਰੇ ਗਏ ਤੇ ਚਾਰ ਵਾਪਸ ਮਕਬੂਜ਼ਾ ਕਸ਼ਮੀਰ ਦੌੜ ਗਏ ਜਦਕਿ ਦੋ ਜ਼ਖ਼ਮੀ ਹੋਣ ਕਰਕੇ ਜੰਗਲ ਵਿੱਚ ਲੁਕ ਗਏ ਸਨ। ਮੁਕਾਬਲੇ ਵਿੱਚ 29 ਸਾਲਾ ਮੇਜਰ ਰਾਣੇ (ਠਾਣੇ, ਮਹਾਰਾਸ਼ਟਰ), 26 ਸਾਲਾ ਰਾਈਫ਼ਲਮੈਨ ਮਨਦੀਪ ਸਿੰਘ ਰਾਵਤ (ਕੋਟਦਵਾਰ, ਉੱਤਰਾਖੰਡ), 28 ਸਾਲਾ ਹਮੀਰ ਸਿੰਘ (ਉੱਤਰਕਾਸ਼ੀ, ਉਤਰਾਖੰਡ) ਤੇ 25 ਸਾਲਾ ਵਿਕਰਮਜੀਤ ਸਿੰਘ (ਤੇਪਲਾ, ਹਰਿਆਣਾ) ਸ਼ਹੀਦ ਹੋ ਗਏ।

ਸੂਤਰਾਂ ਨੇ ਦੱਸਿਆ ਕਿ ਮੁਕਾਬਲਾ ਸ਼ੁਰੂ ਹੋਣ ’ਤੇ ਫ਼ੌਜ ਦੀ ਮਦਦ ਲਈ ਪੈਰਾ ਕਮਾਂਡੋ ਵੀ ਭੇਜੇ ਗਏ। ਰੱਖਿਆ ਬੁਲਾਰੇ ਨੇ ਕਿਹਾ ਕਿ ਅਤਿਵਾਦੀਆਂ ਨੂੰ ਪਾਕਿਸਤਾਨੀ ਫ਼ੌਜ ਵੱਲੋਂ ਕਵਰ ਫਾਇਰ ਦਿੱਤਾ ਜਾ ਰਿਹਾ ਸੀ।