ਸ੍ਰੀਨਗਰ: ਕਸ਼ਮੀਰ ’ਚ ਆਮ ਜੀਵਨ ਸ਼ੁੱਕਰਵਾਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਵਾਦੀ ’ਚ ਸਕੂਲ ਬੰਦ ਰਹੇ ਤੇ ਸੜਕਾਂ ਤੋਂ ਸਰਕਾਰੀ ਵਾਹਨ ਗਾਇਬ ਰਹੇ। ਉਂਜ ਸ੍ਰੀਨਗਰ ਦੇ ਕੁਝ ਇਲਾਕਿਆਂ ’ਚ ਪ੍ਰਾਈਵੇਟ ਵਾਹਨ ਤੇ ਆਟੋ ਰਿਕਸ਼ੇ ਚਲਦੇ ਦੇਖੇ ਗਏ ਹਨ। ਬਾਜ਼ਾਰ ਤੇ ਹੋਰ ਕਾਰੋਬਾਰੀ ਅਦਾਰੇ ਵੀ ਬੰਦ ਹਨ।

ਉੱਧਰ ਅੱਜ ਕਿਸ਼ਤਵਾੜਾ ਵਿੱਚ ਵੀ ਕਰਫਿਊ ਲਾ ਦਿੱਤਾ ਗਿਆ। ਪੁਲਿਸ ਨੇ ਇਹ ਕਰਵਾਈ ਸਥਾਨਕ ਪੀਡੀਪੀ ਲੀਡਰ ਦੇ ਪੀਐਸਓ ਤੋਂ ਰਾਈਫਲ ਖੋਹੇ ਜਾਣ ਦੀ ਘਟਨਾ ਮਗਰੋਂ ਕੀਤੀ। ਪੁਲਿਸ ਮੁਤਾਬਕ ਕਿਸ਼ਤਵਾੜਾ ਦੇ ਗੁਰੀਆਂ ਵਿੱਚ ਪੀਡੀਪੀ ਦੇ ਜ਼ਿਲ੍ਹਾ ਪ੍ਰਧਾਨ ਨਾਸਿਰ ਸ਼ੇਖ ਦੇ ਘਰ ਤਾਇਨਾਤ ਪੀਐਸਓ ਮੁਬਾਸ਼ੀਰ ਤੋਂ ਕੁਝ ਲੋਕ ਰਾਈਫਲ ਖੋਹ ਕੇ ਲੈ ਗਏ। ਇਸ ਮਗਰੋਂ ਕਰਫਿਊ ਲਾ ਦਿੱਤਾ ਗਿਆ।

ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਕਿ ਵਾਦੀ ਦੇ ਬਹੁਤੇ ਇਲਾਕਿਆਂ ’ਚੋਂ ਦਫ਼ਾ 144 ਨੂੰ ਹਟਾ ਲਿਆ ਗਿਆ ਹੈ ਪਰ ਸੁਰੱਖਿਆ ਬਲ ਅਮਨ ਤੇ ਕਾਨੂੰਨ ਬਹਾਲ ਰੱਖਣ ਲਈ ਲਗਾਤਾਰ ਚੌਕਸੀ ਰੱਖ ਰਹੇ ਹਨ। ਅਧਿਕਾਰੀਆਂ ਵੱਲੋਂ ਮੋਬਾਈਲ ਤੇ ਵਾਇਸ ਕਾਲ ਸੇਵਾਵਾਂ ਨੂੰ ਬਹਾਲ ਕਰਨ ਬਾਰੇ ਵਿਚਾਰਾਂ ਹੋ ਰਹੀਆਂ ਹਨ।