ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਮੰਤਰੀ ਵਿਜੈ ਸਾਂਪਲਾ ’ਤੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਵਿੱਚ ਬੇਲੋੜੇ ਅੜਿੱਕੇ ਡਾਹੁਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਦੀ ਸੁਵਿਧਾ ਲਈ ਹੱਲ ਤਲਾਸ਼ਣ ਦੀ ਬਜਾਏ ਕੇਂਦਰ ਸਰਕਾਰ, ਖ਼ਾਸ ਕਰਕੇ ਸਾਂਪਲਾ ਵਰਗੇ ਲੀਡਰ ਇਸ ਕੰਮ ਵਿੱਚ ਲਗਾਤਾਰ ਅੜਿੱਕੇ ਪਾ ਰਹੇ ਹਨ। ਵਿਜੈ ਸਾਂਪਲਾ ਪੰਜਾਬ ਬੀਜੇਪੀ ਦੇ ਸਾਬਕਾ ਮੁਖੀ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਾਂਪਲਾ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਸਤੇ ਗ਼ਰੀਬ ਤੇ ਅਨਪੜ੍ਹ ਸ਼ਰਧਾਲੂਆਂ ਲਈ ਪਾਸਪੋਰਟ ਤੇ ਵੀਜ਼ੇ ਤੋਂ ਰਿਆਇਤ ਦੀ ਮੰਗ ਖਾਰਜ ਕਰਨ ਦੀ ਵਕਾਲਤ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੀਜੇਪੀ ਤੇ ਅਕਾਲੀ ਦਲ, ਦੋਵੇਂ ਪਾਰਟੀਆਂ ਨੂੰ ਲਾਂਘੇ ਵਿੱਚ ਕੋਈ ਦਿਲਚਸਪੀ ਨਹੀਂ।

ਹਰ ਪੰਜਾਬੀ ਕੋਲ ਪਾਸਪੋਰਟ ਹੋਣ ਬਾਰੇ ਸਾਂਪਲਾ ਦੇ ਦਾਅਵੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਬਿਆਨ ਬਿਲਕੁਲ ਗੈਰ-ਜ਼ਿੰਮੇਵਾਰਾਨਾ ਤੇ ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਹ ਸਾਂਪਲਾ ਦੀ ਜਾਣਕਾਰੀ ਤੇ ਜਨਤਾ ਨਾਲ ਸੰਪਰਕ ਹੋਣ ’ਤੇ ਸਵਾਲੀਆ ਚਿਨ੍ਹ ਖੜ੍ਹਾ ਕਰਦਾ ਹੈ। ਇਸ ਦੇ ਨਾਲ ਹੀ ਮੋਦੀ ਸਰਕਾਰ ’ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਬੀਜੇਪੀ ਲਾਂਘੇ ਦਾ ਸਾਰਾ ਕ੍ਰੈਡਿਟ ਆਪਣੇ ਨਾਂ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਇਸ ਦੇ ਨਿਰਮਾਣ ਵਿੱਚ ਮੁਸ਼ਕਲਾਂ ਪੈਦਾ ਕਰ ਰਹੀ ਹੈ।