ਚੰਡੀਗੜ੍ਹ: ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕਾਰ ਕੰਪਨੀ ਫੋਕਸਵੈਗਨ ਨੂੰ 100 ਕਰੋੜ ਰੁਪਏ ਜ਼ੁਰਮਾਨਾ ਠੋਕਿਆ ਹੈ। ਇਹ ਰਕਮ ਸ਼ੁੱਕਰਵਾਰ ਸ਼ਾਮ 5 ਵਜੇ ਤਕ ਜਮ੍ਹਾ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕੰਪਨੀ ਨੂੰ ਕਿਹਾ ਗਿਆ ਹੈ ਕਿ ਜੇਕਰ ਤੈਅ ਸਮੇਂ 'ਤੇ ਪੈਸੇ ਜਮ੍ਹਾ ਨਾ ਕਰਾਏ ਤਾਂ ਫੋਕਸਵੈਗਨ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਦਰਅਸਲ ਫੋਕਸਵੈਗਨ ਦੀਆਂ ਗੱਡੀਆਂ ਨਾਲ ਹਵਾ ਪ੍ਰਦੂਸ਼ਣ ਵਧਣ ਦੇ ਮਾਮਲੇ 'ਚ ਐਨਜੀਟੀ ਨੇ ਵੀਰਵਾਰ ਇਹ ਹੁਕਮ ਜਾਰੀ ਕੀਤਾ ਹੈ। ਕੱਲ੍ਹ ਸ਼ਾਮ 5 ਵਜੇ ਤਕ ਰਕਮ ਨਾ ਦਿੱਤੇ ਜਾਣ ਦੀ ਹਾਲਤ 'ਚ ਕੰਪਨੀ ਦੇ ਭਾਰਤੀ ਮੁਖੀ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਦੀ ਭਾਰਤ 'ਚ ਮੌਜੂਦ ਸੰਪੱਤੀ ਵੀ ਜ਼ਬਤ ਕੀਤੀ ਜਾ ਸਕਦੀ ਹੈ।