Jammu Terrorist Attack News: ਜੰਮੂ-ਕਸ਼ਮੀਰ ਦੇ ਰਿਆਸੀ 'ਚ ਸ਼ਰਧਾਲੂਆਂ ਦੀ ਬੱਸ 'ਤੇ ਹੋਏ ਹਮਲੇ ਦੇ 48 ਘੰਟਿਆਂ ਦੇ ਅੰਦਰ ਹੀ ਮੰਗਲਵਾਰ 11 ਜੂਨ ਨੂੰ ਅੱਤਵਾਦੀਆਂ ਨੇ ਕਠੂਆ ਦੇ ਸੈਦਾ ਸੋਹਲ ਪਿੰਡ 'ਚ ਇਕ ਘਰ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਇਕ ਨਾਗਰਿਕ ਜ਼ਖਮੀ ਹੋ ਗਿਆ।


ਗੋਲੀਬਾਰੀ ਦੀ ਆਵਾਜ਼ ਸੁਣ ਕੇ ਸੁਰੱਖਿਆ ਬਲਾਂ ਨੇ ਪਿੰਡ ਨੂੰ ਘੇਰ ਲਿਆ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਇਸ ਦੌਰਾਨ ਅੱਤਵਾਦੀ ਨੇ ਗ੍ਰੇਨੇਡ ਸੁੱਟਣ ਦੀ ਕੋਸ਼ਿਸ਼ ਕੀਤੀ ਅਤੇ ਪਰ ਗੋਲੀਬਾਰੀ 'ਚ ਇੱਕ ਅੱਤਵਾਦੀ ਮਾਰਿਆ ਗਿਆ। ਦੋ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ।



ਦੂਜੇ ਪਾਸੇ ਡੋਡਾ 'ਚ ਛਤਰਗਲਾ ਦੱਰੇ 'ਤੇ ਅੱਤਵਾਦੀਆਂ ਨੇ ਪੁਲਿਸ ਅਤੇ ਰਾਸ਼ਟਰੀ ਰਾਈਫਲਜ਼ ਦੀ ਸਾਂਝੀ ਪਾਰਟੀ 'ਤੇ ਗੋਲੀਬਾਰੀ ਕੀਤੀ। ਇਹ ਸਾਰੇ ਅੱਤਵਾਦੀ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਤਲਾਸ਼ੀ ਮੁਹਿੰਮ ਲਈ ਗਏ ਸਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਪੂਰੀ ਰਾਤ ਅਤੇ ਸਵੇਰੇ ਤੜਕੇ ਤੱਕ ਜਾਰੀ ਸੀ।  ਇਸ ਤੋਂ ਪਹਿਲਾਂ 9 ਜੂਨ ਨੂੰ ਰਿਆਸੀ 'ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ 'ਚ 9 ਲੋਕਾਂ ਦੀ ਮੌਤ ਹੋ ਗਈ ਸੀ।




ਜੰਮੂ ਦੇ ਏਡੀਜੀ ਆਨੰਦ ਜੈਨ ਨੇ ਦੱਸਿਆ ਕਿ ਸ਼ਾਮ ਕਰੀਬ 7.45 ਵਜੇ ਕਠੂਆ ਦੇ ਸੈਦਾ ਸੋਹਲ ਪਿੰਡ ਵਿੱਚ 2-3 ਅੱਤਵਾਦੀਆਂ ਨੂੰ ਦੇਖਿਆ ਗਿਆ। ਇਹ ਲੋਕ ਜ਼ਬਰਦਸਤੀ ਇੱਕ ਘਰ ਵਿੱਚ ਵੜ ਗਏ ਅਤੇ ਪਾਣੀ ਮੰਗਿਆ। ਜੈਨ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਘਰ ਵਿੱਚ ਇੱਕ ਪਿਤਾ ਅਤੇ ਉਸ ਦਾ ਪੁੱਤਰ ਸਨ। ਜਦੋਂ ਦੋਵੇਂ ਘਰੋਂ ਭੱਜੇ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਬਾਕੀ ਅੱਤਵਾਦੀਆਂ ਨੂੰ ਘੇਰ ਲਿਆ ਗਿਆ ਹੈ।  


ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ, ਪੁਲਿਸ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਸ਼ੱਕ ਸੀ ਕਿ ਅੱਤਵਾਦੀ ਪਾਣੀ ਦੀ ਭਾਲ ਕਰ ਰਹੇ ਸਨ ਅਤੇ ਉਨ੍ਹਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਜਦੋਂ ਕਿ ਕੁਝ ਨੇ ਰੌਲਾ ਪਾਇਆ। ਇਸ ਨਾਲ ਅੱਤਵਾਦੀ ਡਰ ਗਏ ਅਤੇ ਉਨ੍ਹਾਂ ਨੇ ਉੱਥੋਂ ਲੰਘ ਰਹੇ ਇਕ ਪਿੰਡ ਵਾਸੀ 'ਤੇ ਵੀ ਹਵਾ 'ਚ ਗੋਲੀਆਂ ਚਲਾਈਆਂ।