Haryana Election 2024:  ਪਿਹੋਵਾ ਤੋਂ ਭਾਜਪਾ ਉਮੀਦਵਾਰ ਕੰਵਲਜੀਤ ਸਿੰਘ ਅਜਰਾਣਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਪਾਰਟੀ ਨੂੰ ਟਿਕਟ ਵਾਪਸ ਕਰ ਦਿੱਤੀ ਹੈ। ਪਿਹੋਵਾ ਤੋਂ ਸਾਬਕਾ ਮੰਤਰੀ ਸੰਦੀਪ ਸਿੰਘ ਦੀ ਟਿਕਟ ਕੱਟ ਕੇ ਅਜਰਾਣਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਭਾਜਪਾ 'ਚ ਸਥਾਨਕ ਪੱਧਰ 'ਤੇ ਅਸੰਤੁਸ਼ਟਾ ਹੋਣ ਕਾਰਨ ਉਸ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ।



2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਪਿਹੋਵਾ ਸੀਟ ਤੋਂ ਸਾਬਕਾ ਭਾਰਤੀ ਹਾਕੀ ਕਪਤਾਨ ਸੰਦੀਪ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਨ੍ਹਾਂ ਕਾਂਗਰਸ ਦੇ ਮਨਦੀਪ ਸਿੰਘ ਚੱਠਾ ਨੂੰ 5314 ਵੋਟਾਂ ਨਾਲ ਹਰਾਇਆ। ਜਦੋਂ ਭਾਜਪਾ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਖੇਡ ਮੰਤਰੀ ਬਣਾਇਆ ਗਿਆ ਪਰ ਪਿਛਲੇ ਸਾਲ ਇਕ ਜੂਨੀਅਰ ਮਹਿਲਾ ਕੋਚ ਨੇ ਉਸ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਸੰਦੀਪ ਸਿੰਘ ਤੋਂ ਖੇਡ ਵਿਭਾਗ ਵਾਪਸ ਲੈ ਲਿਆ ਗਿਆ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਪਾਰਟੀ ਨੇ ਇਸ ਵਾਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਉਨ੍ਹਾਂ ਦੀ ਥਾਂ ਕੰਵਲਜੀਤ ਸਿੰਘ ਅਜਰਾਣਾ ਨੂੰ ਟਿਕਟ ਦਿੱਤੀ ਗਈ।



ਦੱਸ ਦੇਈਏ ਕਿ ਭਾਜਪਾ ਦੀ ਟਿਕਟ 'ਤੇ ਸਿਰਫ ਸੰਦੀਪ ਸਿੰਘ ਹੀ ਜਿੱਤ ਸਕੇ ਸਨ। ਉਨ੍ਹਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਹਰਮੋਹਿੰਦਰ ਸਿੰਘ 2005 ਅਤੇ 2009 ਵਿੱਚ ਜਿੱਤੇ ਸਨ। 2014 ਵਿੱਚ ਵੀ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਸੀ।


ਕੰਵਲਜੀਤ ਸਿੰਘ ਅਜਰਾਣਾ ਦੀ ਪਾਕਿਸਤਾਨੀ ਫੌਜ ਨਾਲ ਫੋਟੋ ਵੀ ਵਾਇਰਲ ਹੋਈ ਸੀ ਜਿਸ ਵਿੱਚ ਉਹ ਪਾਕਿਸਤਾਨੀ ਅਧਿਕਾਰੀਆਂ ਦੇ ਹੱਥੋਂ ਮਠਿਆਈਆਂ ਖਾਂਦੇ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਫੌਜ ਦੇ ਜਵਾਨਾਂ ਨਾਲ ਤਸਵੀਰਾਂ ਵੀ ਖਿਚਵਾਈਆਂ ਗਈਆਂ ਜਿਸ ਕਾਰਨ ਲੋਕ ਉਸ ਦਾ ਵਿਰੋਧ ਕਰ ਰਹੇ ਸਨ। 



ਕੰਵਲਜੀਤ ਸਿੰਘ ਨੇ ਹਰਿਆਣਾ ਦੇ ਪਾਰਟੀ ਪ੍ਰਧਾਨ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਉਨ੍ਹਾਂ ਕਿਹਾ ਕਿ ਪਿਹੋਵਾ ਵਿਧਾਨ ਸਭਾ ਸੀਟ ਤੋਂ ਮੈਨੂੰ ਟਿਕਟ ਦੇ ਕੇ ਜੋ ਸਨਮਾਨ ਦਿੱਤਾ ਗਿਆ ਹੈ, ਉਸ ਲਈ ਮੈਂ ਪਾਰਟੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਪਰ ਪਾਰਟੀ ਦੇ ਕੁਝ ਸੀਨੀਅਰ ਆਗੂ ਅਤੇ ਵਰਕਰ ਮੇਰੀ ਨਾਮਜ਼ਦਗੀ ਦਾ ਵਿਰੋਧ ਕਰ ਰਹੇ ਹਨ। ਉਸ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਮੈਂ ਆਪਣੀ ਟਿਕਟ ਵਾਪਸ ਕਰ ਦਿੱਤੀ।