ਰੁਦਰਪ੍ਰਯਾਗ: ਉੱਤਰਾਖੰਡ ਦੇ ਉੱਚ ਹਿਮਾਲਾ ਪਰਬਤਾਂ ਦੇ ਖੇਤਰ ’ਚ ਸਥਿਤ ਵਿਸ਼ਵ ਪ੍ਰਸਿੱਧ ਕੇਦਾਰਨਾਥ ਮੰਦਰ ਦੇ ਦਰ ਛੇ ਮਹੀਨਿਆਂ ਦੀ ਸਰਦ ਰੁੱਤ ਦੀ ਛੁੱਟੀ ਤੋਂ ਬਾਅਦ ਅੱਜ ਸਵੇਰੇ 5 ਵਜੇ ਖੋਲ੍ਹ ਦਿੱਤੇ ਗਏ। ਮੰਦਰ ਨੂੰ 11 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਪਿਛਲੇ ਵਰ੍ਹੇ ਵਾਂਗ ਇਸ ਵਾਰ ਵੀ ਕੋਰੋਨਾ ਵਾਇਰਸ ਦੇ ਕਹਿਰ ਕਾਰਣ ਇਸ ਦੌਰਾਨ ਸ਼ਰਧਾਲੂ ਮੌਜੂਦ ਨਹੀਂ ਰਹਿ ਸਕੇ।

ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਟਵਿਟਰ ’ਤੇ ਜਾਣਕਾਰੀ ਦਿੰਦਿਆਂ ਲਿਖਿਆ ਵਿਸ਼ਵ ਪ੍ਰਸਿੱਧ 11ਵੇਂ ਜਿਓਤਿਰਲਿੰਗ ਭਗਵਾਨ ਕੇਦਾਰਨਾਥ ਧਾਮ ਦੇ ਕਪਾਟ ਅੱਜ ਸੋਮਵਾਰ ਨੂੰ ਸਵੇਰੇ 5:00 ਵਜੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਤੇ ਅਨੁਸ਼ਠਾਨ ਤੋਂ ਬਾਅਦ ਖੋਲ੍ਹ ਦਿੱਤੇ ਗਏ। ਮੇਸ਼ ਲਗਨ ਦੇ ਸ਼ੁਭ ਸੰਜੋਗ ਮੌਕੇ ਮੰਦਰ ਦੇ ਕਿਵਾੜ ਖੋਲ੍ਹੇ ਗਏ ਹਨ। ਮੈਂ ਬਾਬਾ ਕੇਦਾਰਨਾਥ ਨੂੰ ਸਭ ਨੂੰ ਨਿਰੋਗ ਰੱਖਣ ਦੀ ਪ੍ਰਾਰਥਨਾ ਕਰਦਾ ਹਾਂ।

[blurb]


[/blurb]


ਤੀਰਥ ਸਿੰਘ ਰਾਵਤ ਨੇ ਅੱਗੇ ਲਿਖਿਆ ਕਿ ਕੇਦਾਰਨਾਥ ਦੇ ਰਾਵਲ (ਮੁੱਖ ਪੁਜਾਰੀ) ਸਤਿਕਾਰਯੋਗ ਸ੍ਰੀ ਭੀਮਾਸ਼ੰਕਰ ਲਿੰਗਮ ਜੀ ਦੀ ਅਗਵਾਈ ਹੇਠ ਤੀਰਥ ਪੁਰੋਹਿਤ ਸੀਮਤ ਗਿਣਤੀ ’ਚ ਮੰਦਰ ਵਿੱਚ ਬਾਬਾ ਕੇਦਾਰ ਦੀ ਪੂਜਾ ਅਰਚਨਾ ਨਿਯਮਤ ਤੌਰ ’ਤੇ ਕਰਨਗੇ। ਮੇਰੀ ਬੇਨਤੀ ਹੈ ਕਿ ਮਹਾਮਾਰੀ ਦੇ ਇਸ ਦੌਰ ਵਿੱਚ ਸ਼ਰਧਾਲੂ ਘਰ ਵਿੱਚ ਰਹਿ ਕੇ ਹੀ ਪੂਜਾ ਪਾਠ ਤੇ ਧਾਰਮਿਕ ਰਵਾਇਤਾਂ ਨਿਭਾਉਣ।

 

ਦੱਸ ਦੇਈਏ ਕਿ ਭਲਕੇ ਭਾਵ ਮੰਗਲਵਾਰ 18 ਮਈ ਨੂੰ ਚਮੋਲੀ ਸਥਿਤ ਭਗਵਾਨ ਬਦਰੀਨਾਥ ਦੇ ਕਪਾਟ ਵੀ ਸਵੇਰੇ ਸਵਾ ਚਾਰ ਵਜੇ ਬ੍ਰਹਮ ਮਹੂਰਤ ਵਿੱਚ ਖੁੱਲ੍ਹ ਜਾਣਗੇ। ਕੋਵਿਡ ਕਾਰਣ ਇੱਥੇ ਵੀ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਵਿਡ ਬਾਰੇ ਉੱਤਰਾਖੰਡ ਸਰਕਾਰ ਵੱਲੋਂ ਜਾਰੀ SOPs ਅਨੁਸਾਰ ਵਿਧੀ ਵਿਧਾਨ ਅਤੇ ਪੂਜਾ ਅਰਚਨਾ ਨਾਲ ਕੇਦਾਰਨਾਥ ਅਤੇ ਬਦਰੀਨਾਥ ਦੇ ਕਪਾਟ ਖੋਲ੍ਹੇ ਜਾਣ ਦੌਰਾਨ ਉੱਥੇ ਤੀਰਥ ਪੁਰੋਹਿਤਾਂ, ਦੇਵਸਥਾਨਮ ਪ੍ਰਬੰਧ ਬੋਰਡ ਦੇ ਅਹੁਦੇਦਾਰਾਂ ਤੇ ਪ੍ਰਸ਼ਾਸਕੀ ਅਧਿਕਾਰੀਆਂ ਸਮੇਤ ਕੇਵਲ 25 ਜਣੇ ਹੀ ਮੌਜੂਦ ਰਹਿ ਸਕਣਗੇ।

 

ਇਸ ਤੋਂ ਪਹਿਲਾਂ ਸ਼ੁੱਕਰਵਾਰ 14 ਮਈ ਨੂੰ ਯਮੁਨੋਤਰੀ ਦੇ ਕਪਾਟ ਤੇ ਸਨਿੱਚਰਵਾਰ 5 ਮਈ ਨੂੰ ਗੰਗੋਤਰੀ ਦੇ ਦੇ ਕਪਾਟ ਖੋਲ੍ਹੇ ਜਾਣ ਦੌਰਾਨ ਵੀ ਇਹੋ ਵਿਵਸਥਾ ਲਾਗੂ ਕੀਤੀ ਗਈ ਸੀ। ਉੱਤਰਾਖੰਡ ਦੇ ਗੜ੍ਹਵਾਲ ਹਿਮਾਲਾ ’ਚ ਚਾਰ ਧਾਮਾਂ ਦੇ ਨਾਮ ਨਾਲ ਮਸ਼ਹੂਰ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ ਦੇ ਕਪਾਟ ਹਰ ਸਾਲ ਛੇ ਮਹੀਨਿਆਂ ਦੀ ਸਰਦ ਰੁੱਤ ਛੁੱਟੀ ਤੋਂ ਬਾਅਦ ਅਪ੍ਰੈਲ-ਮਈ ’ਚ ਸ਼ਰਧਾਲੂਆਂ ਲਈ ਖੋਲ੍ਹੇ ਜਾਂਦੇ ਹਨ।

 

ਗੜ੍ਹਵਾਲ ਦੀ ਅਰਥਵਿਵਸਥਾ ਦੀ ਰੀੜ੍ਹ ਮੰਨੀ ਜਾਣ ਵਾਲੀ ਚਾਰ ਧਾਮ ਯਾਤਰਾ ਉੱਤੇ ਵੀ ਕੋਵਿਡ ਦਾ ਪਰਛਾਵਾਂ ਪਿਆ ਹੈ। ਪਿਛਲੇ ਵਰ੍ਹੇ ਨਿਸ਼ਚਤ ਸਮੇਂ ਤੋਂ ਦੇਰੀ ਨਾਲ ਸ਼ੁਰੂ ਹੋਈ ਚਾਰ ਧਾਮ ਯਾਤਰਾ ਨੂੰ ਇਸ ਵਾਰ ਵੀ ਕੋਵਿਡ ਮਾਮਲਿਆਂ ਵਿੱਚ ਵਾਧਾ ਹੋਣ ਕਾਰਣ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

 

 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ