ਬੇਅਦਬੀ ਤੇ ਗੋਲ਼ੀਕਾਂਡ 'ਤੇ ਫਸੇ ਕੈਪਟਨ ਤੇ ਕੇਜਰੀਵਲ ਦੇ ਸਿੰਙ
ਏਬੀਪੀ ਸਾਂਝਾ | 15 Oct 2018 01:06 PM (IST)
ਚੰਡੀਗੜ੍ਹ: ਪੰਜਾਬ ਤੇ ਨਵੀਂ ਦਿੱਲੀ ਦੇ ਮੁੱਖ ਮੰਤਰੀਆਂ ਵਿਚਕਾਰ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਕੇਜਰੀਵਾਲ ਵੱਲੋਂ ਬੇਅਦਬੀ ਤੇ ਗੋਲ਼ੀਕਾਂਡਾਂ ਦੇ ਮਸਲੇ 'ਤੇ ਟਵਿੱਟਰ ਰਾਹੀਂ ਵੱਢੀ ਚੂੰਡੀ ਤੋਂ ਕੈਪਟਨ ਲੋਹੇ ਲਾਖੇ ਹੋ ਗਏ ਹਨ। ਕੈਪਟਨ ਨੇ ਕੇਜਰੀਵਾਲ ਨੂੰ ਗੋਲ਼ੀਕਾਂਡਾਂ 'ਤੇ ਸਿਆਸਤ ਕਰਨ ਤੋਂ ਵਰਜਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ 'ਤੇ ਕੇਜਰੀਵਾਲ ਨੂੰ ਮੋੜ ਦਿੰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਤੁਹਾਡੇ ਵਰਗੇ ਅਹੁਦੇ 'ਤੇ ਬੈਠ ਕੇ ਕੋਈ ਐਸਆਈਟੀ ਵੱਲੋਂ ਕੀਤੀ ਪੜਤਾਲ ਦਾ ਇੰਤਜ਼ਾਰ ਕਰਨ ਦੀ ਬਜਾਏ ਕਾਨੂੰਨ ਦੇ ਮਹੱਤਵ ਨੂੰ ਘਟਾਉਣ ਦੀ ਗੱਲ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਬੇਅਦਬੀਆਂ ਦੇ ਰੋਸ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਪੁਲਿਸ ਫਾਇਰਿੰਗ ਦੀ ਪੜਤਾਲ ਕਰਨ ਲਈ ਪੁਲਿਸ ਦੇ ਪੰਜ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੇ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰ ਦਿੱਤਾ ਹੈ, ਜਿਸ ਨੇ ਆਪਣੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਕੇਜਰੀਵਾਲ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਸਰਕਾਰ ਬੇਅਦਬੀਆਂ ਤੇ ਪੁਲਿਸ ਵੱਲੋਂ ਚਲਾਈ ਗੋਲ਼ੀ ਨਾਲ ਦੋ ਨਿਰਦੋਸ਼ਾਂ ਦੀ ਹੱਤਿਆ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ। ਕੇਜਰੀਵਾਲ ਨੇ ਟਵੀਟ ਕਰਕੇ ਬਹਿਬਲ ਕਲਾਂ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਤੀਜੀ ਬਰਸੀ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਸਰਕਾਰ 'ਤੇ ਨਿਸ਼ਾਨਾ ਲਾਇਆ ਸੀ।