ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਆਪਣੇ ਉੱਚਤਮ ਪੱਧਰ ’ਤੇ ਪਹੁੰਚ ਗਈਆਂ ਹਨ। ਦਿੱਲੀ ਵਿੱਚ ਅੱਜ ਇੱਕ ਲੀਟਰ ਡੀਜ਼ਲ ’ਤੇ 8 ਪੈਸੇ ਦਾ ਇਜ਼ਾਫਾ ਕੀਤਾ ਗਿਆ। ਇਸਦੇ ਨਾਲ ਡੀਜ਼ਲ ਦਾ ਭਾਅ 75.46 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜੋ ਹੁਣ ਤਕ ਦ ਸਭਤੋਂ ਵੱਧ ਭਾਅ ਹੈ। ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ। ਦਿੱਲੀ ਵਿੱਚ ਪੈਟਰੋਲ 82.82 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਪਿਛਲੇ 10 ਦਿਨਾਂ ਦੀ ਗੱਲ ਕੀਤੀ ਜਾਏ ਤਾਂ ਡੀਜ਼ਲ ਦੀ ਕੀਮਤ ਵਿੱਚ 2.51 ਰੁਪਏ ਦਾ ਵਾਧਾ ਹੋਇਆ ਹੈ। ਕੇਂਦਰ ਦੀ ਮੋਦੀ ਸਰਕਾਰ ਨੇ 4 ਅਕਤੂਬਰ ਨੂੰ ਪੈਟਰੋਲ ਦੀਆਂ ਕੀਮਤਾਂ ’ਤੇ 2.50 ਰੁਪਏ ਦੀ ਰਾਹਤ ਦਿੱਤੀ ਸੀ ਪਰ ਪਿਛਲੇ 10 ਦਿਨਾਂ ਵਿੱਚ ਜਿਸ ਤਰ੍ਹਾਂ ਤੇਲ ਦੀਆਂ ਕੀਮਤਾਂ ਵਧੀਆਂ ਹਨ, ਉਸ ਨਾਲ ਤਾਂ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਕਰਨਗੇ ਮੀਟਿੰਗ
ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇਲ ਕੰਪਨੀਆਂ ਦੇ ਮੁਖੀਆਂ ਨਾਲ ਬੈਠਕ ਕਰਨਗੇ। ਇਸ ਬੈਠਕ ਵਿੱਚ ਇਰਾਨ ’ਤੇ ਅਮਰੀਕੀ ਪਾਬੰਧੀਆਂ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਛ ਵਾਧੇ ਦੀ ਵਜ੍ਹਾ ਨਾਲ ਵਿਕਾਸ ’ਤੇ ਪੈਣ ਵਾਲੇ ਅਸਰ ’ਤੇ ਚਰਚਾ ਕੀਤੀ ਜਾਏਗੀ। ਯਾਦ ਰਹੇ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਵਜ੍ਹਾ ਕਰਕੇ ਮਹਿੰਗਾਈ ਵਧਣ ਦੀ ਵੀ ਸੰਭਾਵਨਾ ਬਣੀ ਹੋਈ ਹੈ।