ਨਵੀਂ ਦਿੱਲੀ: ਭਾਰਤ ਸਰਕਾਰ ਦੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੇ ਆਪਣੇ ’ਤੇ ਲੱਗੇ ਜਿਣਸੀ ਸੋਸ਼ਣ ਦੇ ਇਲਜ਼ਾਮਾਂ ਬਾਰੇ ਚੁੱਪ ਤੋੜਦਿਆਂ ਕਿਹਾ ਕਿ ਉਨ੍ਹਾਂ ’ਤੇ ਲਾਏ ਸਾਰੇ ਇਲਜ਼ਾਮ ਗਲ਼ਤ ਤੇ ਬੇਬੁਨਿਆਦ ਹਨ। ਉਹ ਉਨ੍ਹਾਂ ’ਤੇ ਲਾਏ ਇਲਜ਼ਾਮਾਂ ’ਤੇ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਮਲਾ ਆਮ ਚੋਣਾਂ ਤੋਂ ਪਹਿਲਾਂ ਠੀਕ ਪਹਿਲਾਂ ਉਠਾਇਆ ਗਿਆ ਹੈ। ਜ਼ਰੂਰ ਇਸ ਪਿੱਛੇ ਕੋਈ ਸਿਆਸੀ ਕਾਰਨ ਹੈ।

ਇਸ ਤੋਂ ਪਹਿਲਾਂ ਜਿਣਸੀ ਸ਼ੋਸ਼ਣ ਖ਼ਿਲਾਫ਼ #MeToo ਮੁਹਿੰਮ ਦੀ ਜ਼ਦ ’ਚ ਆਏ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਮ ਜੇ ਅਕਬਰ ਦੇ ਅਸਤੀਫੇ ਦੀਆਂ ਅਟਕਲਾਂ ਚੱਲ ਰਹੀਆਂ ਸਨ। ਉਹ ਅੱਜ ਵਿਦੇਸ਼ ਤੋਂ ਭਾਰਤ ਪਰਤ ਆਏ ਹਨ। ਹਵਾਈ ਅੱਡੇ ’ਤੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਕੋਲੋਂ ਇਸ ਸਬੰਧੀ ਜਵਾਬ ਮੰਗਿਆ ਤਾਂ ਉਨ੍ਹਾਂ ਚੁੱਪ ਧਾਰੀ ਰੱਖੀ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਉਹ ਬਾਅਦ ਵਿੱਚ ਜਵਾਬ ਦੇਣਗੇ। ਹੁਣ ਉਹ ਅਸਤੀਫਾ ਦੇਣਗੇ ਜਾਂ ਨਹੀਂ, ਇਹ ਵੱਡਾ ਸਵਾਲ ਬਣਿਆ ਹੋਇਆ ਹੈ।

ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਅਕਬਰ ’ਤੇ 10 ਤੋਂ ਵੱਧ ਮਹਿਲਾ ਪੱਤਰਕਾਰਾਂ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਮਾਮਲੇ ਉਦੋਂ ਦੇ ਹਨ ਜਦੋਂ ਉਹ ਮੀਡੀਆ ਸੰਸਥਾਵਾਂ ਵਿੱਚ ਕੰਮ ਕਰਦੇ ਸਨ। ਇਸ ਸਬੰਧੀ ਕਾਂਗਰਸ ਸਬੰਧੀ ਹੋਰ ਵਿਰੋਧੀ ਦਲਾਂ ਨੇ ਅਕਬਰ ਦੇ ਅਸਤੀਫੇ ਤੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਬੀਜੇਪੀ ਦੇ ਕਈ ਲੀਡਰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਅਕਬਰ ਦਾ ਇਹ ਕਹਿ ਕੇ ਬਚਾਅ ਕਰ ਰਹੇ ਹਨ ਕਿ ਸਾਰੇ ਇਲਜ਼ਾਮ ਪੁਰਾਣੇ ਹਨ, ਯਾਨੀ ਉਨ੍ਹਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦੇ ਹਨ। ਸਾਬਕਾ ਪੱਤਰਕਾਰ ਐਮਜੇ ਅਕਬਰ 2014 ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਅਕਬਰ ਖਿਲਾਫ ਗੰਭੀਰ ਇਲਜ਼ਾਮ ਹਨ ਤੇ ਲੱਗਦਾ ਨਹੀਂ ਕਿ ਉਹ ਜ਼ਿਆਦਾ ਲੰਮੇ ਸਮੇਂ ਤਕ ਮੰਤਰੀ ਦੇ ਅਹੁਦੇ ’ਤੇ ਬਰਕਰਾਰ ਰਹਿਣਗੇ।

ਅਕਬਰ ਦੇ ਅਸਤੀਫੇ ਸਬੰਧੀ ਆਖਰੀ ਫੈਸਲਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੈਣਾ ਹੈ। ਪਾਰਟੀ ਅੰਦਰ ਇਸ ਤਰ੍ਹਾਂ ਦੀ ਵੀ ਰਾਏ ਹੈ ਕਿਉਂਕਿ ਉਨ੍ਹਾਂ ਖਿਲਾਫ ਕੋਈ ਕਾਨੂੰਨੀ ਮਾਮਲਾ ਨਹੀਂ ਹੈ ਤੇ ਜਿਹੜੇ ਇਲਜ਼ਾਮ ਲਾਏ ਗਏ ਹਨ, ਉਹ ਉਨ੍ਹਾਂ ਦੇ ਮੰਤਰੀ ਬਣਨ ਤੋਂ ਬਹੁਤ ਪਹਿਲਾਂ ਦੇ ਹਨ। ਪਾਰਟੀ ਲੀਡਰਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਅਕਬਰ ਨੂੰ ਹੀ ਇਲਜ਼ਾਮਾਂ ’ਤੇ ਜਵਾਬ ਦੇਣਾ ਚਾਹੀਦਾ ਹੈ।