ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੈਲਾਸ਼ ਗਹਿਲੋਤ ਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮਦਨ ਕਰ ਵਿਭਾਗ ਨੇ ਛਾਪਾ ਮਾਰ ਕੇ ਗਹਿਲੋਤ ਤੇ ਉਨ੍ਹਾਂ ਦੇ ਸਾਥੀਆਂ ਦੀ ਲੱਖਾਂ ਦੀ ਜਾਇਦਾਦ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਛਾਪੇ ਦੌਰਾਨ 100 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਇਨਕਮ ਟੈਕਸ ਵਿਭਾਗ ਦੇ ਸੂਤਰਾਂ ਅਨੁਸਾਰ ਜਾਂਚ ਦੌਰਾਨ ਹਸਤਾਖ਼ਰ ਕੀਤੇ ਹੋਏ ਖਾਲੀ ਸੈਨਿਕ ਸ਼ੇਅਰ ਫਾਰਮ ਮਿਲੇ ਸਨ।

ਆਮਦਨ ਕਰ ਵਿਭਾਗ ਦਾ ਦਾਅਵਾ ਕੀਤਾ ਹੈ ਉਕਤ ਤੋਂ ਇਲਾਵਾ ਵਿਭਾਗ ਨੂੰ ਮੰਤਰੀ ਦੇ ਨਾਂ ਅਨੇਕ ਬੇਨਾਮੀ ਜਾਇਦਾਦ ਬਾਰੇ ਵੀ ਪਤਾ ਲੱਗਾ ਹੈ। ਇਹ ਜਾਇਦਾਦ ਕੰਪਨੀ ਦੇ ਵਰਕਰਾਂ ਦੇ ਨਾਂ ’ਤੇ ਵੀ ਹੋ ਸਕਦੀ ਹੈ। ਆਮਦਨ ਕਰ ਵਿਭਾਗ ਨੇ ਕਰੀਬ ਸਵਾ ਦੋ ਕਰੋੜ ਰੁਪਏ ਤੋਂ ਵੱਧ ਰਕਮ ਦੇ ਗਹਿਣੇ ਵੀ ਬਰਾਮਦ ਕੀਤੇ ਹਨ। ਗਹਿਲੋਤ ’ਤੇ ਇਲਜ਼ਾਮ ਹੈ ਕਿ ਸ਼ੈੱਲ ਕੰਪਨੀਆਂ ਜ਼ਰੀਏ ਵੀ ਪੈਸਾ ਤੇ ਜਾਇਦਾਦ ਖਰੀਦੀ ਗਈ ਹੈ। ਵਿਭਾਗ ਦੀ ਜਾਂਚ ਪਿੱਛੋਂ ED ਤੇ CBI ਵੀ ਕੇਸ ਦਰਜ ਕਰ ਸਕਦੀ ਹੈ।

ਆਮਦਨ ਕਰ ਵਿਭਾਗ ਨੇ ਦਿੱਲੀ ਦੇ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਦਿੱਲੀ ਤੇ ਗੁਰਗ੍ਰਾਮ ਵਿੱਚ 16 ਘਰ ਤੇ ਹੋਰ ਟਿਕਾਣਿਆਂ 'ਤੇ ਛਾਪੇ ਮਾਰੇ। ਗਹਿਲੋਤ ਦਿੱਲੀ ਸਰਕਾਰ ਵਿੱਚ ਟ੍ਰਾਂਸਪੋਰਟ, ਕਾਨੂੰਨ, ਮਾਲੀਆ, ਸੂਚਨਾ ਤਕਨਾਲੋਜੀ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਸੰਭਾਲਦੇ ਹਨ।



ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਤੋਂ ਬਾਅਦ ਜਾਇਦਾਦ ਦਾ ਖ਼ੁਲਾਸਾ ਹੋਣ ਪਿੱਛੋਂ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕਪਿਲ ਮਿਸ਼ਰਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ ਹੈ। ਉੱਧਰ ਬੀਜੇਪੀ ਨੇ ਵੀ ਚੁਟਕੀ ਲੈਂਦਿਆਂ ਟਵੀਟ ਕੀਤਾ ਕਿ ਆਪਣੇ ਹੀ ਕਾਰਨਾਮੇ ਲੁਕਾਉਣ ਲਈ ਸੀਐਮ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦੇ ਲੀਡਰ ਰੇਡ ਦਾ ਵਿਰੋਧ ਕਰ ਰਹੇ ਹਨ। ਕੇਜਰੀਵਾਲ ਦੀ ਈਮਾਨਦਾਰੀ ਵਾਲਾ ਮਖੌਟਾ ਉੱਤਰ ਗਿਆ ਹੈ ਤੇ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ।