ਗੁੜਗਾਂਵ: ਬੀਤੇ ਦਿਨ ਜੱਜ ਦੇ ਗੰਨਮੈਨ ਮਹੀਪਾਲ ਯਾਦਵ (32) ਨੇ ਉਸਦੀ ਪਤਨੀ ਤੇ ਮੁੰਡੇ ਨੂੰ ਭਰੇ ਬਾਜ਼ਾਰ ਗੋਲ਼ੀ ਮਾਰ ਦਿੱਤੀ ਸੀ। ਜੱਜ ਕ੍ਰਿਸ਼ਣਕਾਂਤ ਸ਼ਰਮਾ ਦੀ ਪਤਨੀ ਰਿੱਤੂ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਗੰਨਮੈਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਗੰਨਮੈਨ ਲੰਮੇ ਸਮੇਂ ਤੋਂ ਛੁੱਟੀ ਨਾ ਮਿਲਣ ਕੇ ਤਣਾਉ ਵਿੱਚ ਸੀ, ਪਰ ਮੁਲਜ਼ਮ ਯਾਦਵ ਦਾ ਕਹਿਣਾ ਹੈ ਕਿ ਉਸਨੇ 8 ਮਹੀਨੇ ਪਹਿਲਾਂ ਈਸਾਈ ਧਰਮ ਅਪਣਾ ਲਿਆ ਸੀ। ਇਸਨੂੰ ਲੈ ਕੇ ਜੱਜ ਦੀ ਪਤਨੀ ਉਸ ’ਤੇ ਨਿਸ਼ਾਨਾ ਕੱਸਦੀ ਸੀ, ਜਿਸ ਕਰਕੇ ਉਸਨੇ ਜੱਜ ਦਾ ਪਤਨਾ ਨੂੰ ਗੋਲ਼ੀ ਮਾਰ ਦਿੱਤੀ।


ਮਹੀਪਾਲ ਕਰੀਬ ਦੋ ਸਾਲਾਂ ਤੋਂ ਜੱਜ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਵਾਰਦਾਤ ਦੇ ਬਾਅਦ ਉਸਨੇ ਜੱਜ ਨੂੰ ਤਿੰਨ ਵਾਰ ਫੋਨ ਕੀਤਾ। ਇਸ ਦੌਰਾਨ ਉਸਨੇ ਕਿਹਾ ਕਿ ਮੈਂ ਤੇਰੀ ਪਤਨੀ ਤੇ ਮੁੰਡੇ ਨੂੰ ਗੋਲ਼ੀ ਮਾਰ ਦਿੱਤੀ ਹੈ। ਮੇਰੀ ਮਾਂ ਤੇ ਹੋਰ ਲੋਕਾਂ ਨੂੰ ਇਸ ਬਾਰੇ ਦੱਸ ਦੇਣਾ।

ਪੂਰਾ ਮਾਮਲਾ

ਬੀਤੇ ਦਿਨ ਗੁਰੂਗਰਾਮ ਦੇ ਸੈਕਟਰ 51 ਭਰੇ ਆਰਕੇਡ ਬਾਜ਼ਾਰ ਵਿਚਕਾਰ ਮਹੀਪਾਲ ਨੇ ਕਾਰ ਤੋਂ ਉਤਰਦਿਆਂ ਹੀ ਜੱਜ ਦੀ ਪਤਨੀ ਤੇ ਮੁੰਡੇ ਦੇ ਸਿਰ ’ਚ ਗੋਲ਼ੀ ਚਲਾ ਦਿੱਤੀ ਸੀ। ਉਹ ਦੋਵੇਂ ਬਾਹਰ ਸ਼ੌਪਿੰਗ ਕਰਨ ਲਈ ਗਏ ਸਨ। ਘਟਨਾ ਤੋਂ ਬਾਅਦ ਉਹ ਉੱਥੋਂ ਮਾਂ-ਪੁੱਤ ਨੂੰ ਜ਼ਖ਼ਮੀ ਛੱਡ ਕੇ ਭੱਜ ਨਿਕਲਿਆ। ਪੁਲਿਸ ਨੇ ਜ਼ਖ਼ਮੀ ਮਾਂ-ਪੁੱਤ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਪਰ ਉਸਨੇ ਉੱਥੇ ਵੀਡੀਓ ਬਣਾ ਰਹੇ ਲੋਕਾਂ ਨੂੰ ਕਿਹਾ ਕਿ ਇਹ ਸ਼ੈਤਾਨ ਤੇ ਸ਼ੈਤਾਨ ਦੀ ਮਾਂ ਹੈ।

ਛੁੱਟੀ ਮੰਗਣ ਤੇ ਜੱਜ ਤੇ ਉਸਦੀ ਪਤਨੀ ਦੇ ਦਬਕੇ ਤੋਂ ਨਾਰਾਜ਼ ਸੀ ਗੰਨਮੈਨ

ਪੁਲਿਸ ਦਾ ਕਹਿਣਾ ਹੈ ਕਿ ਮਹੀਪਾਲ ਸ਼ਾਂਤ ਸੁਭਾਅ ਦਾ ਹੈ ਪਰ ਪਿਛਲੇ 8 ਮਹੀਨਿਆਂ ਤੋਂ ਉਸਨੇ ਈਸਾਈ ਧਰਮ ਅਪਣਾ ਲਿਆ ਸੀ। ਉਸਤੋਂ ਬਾਅਦ ਉਹ ਲਗਾਤਾਰ ਈਸਾਈ ਧਰਮ ਦਾ ਗੁਣਗਾਨ ਤੇ ਉਸਦੀ ਸ਼ਕਤੀ ਦੀ ਚਰਚਾ ਕਰਨ ਲੱਗਾ। ਇਸੇ ਵਜ੍ਹਾ ਕਰਕੇ ਉਸਦੀ ਜੱਜ ਦੀ ਪਤਨੀ ਨਾਲ ਝੜਪ ਹੋ ਜਾਂਦੀ ਸੀ। ਜੇਲ੍ਹ ਵਿੱਚ ਵੀ ਉਹ ਚੀਕ-ਚੀਕ ਕਤੇ ਕਹਿ ਰਿਹਾ ਸੀ ਕਿ ਧਰਮ ਪਰਿਵਰਤਨ ਕਰਕੇ ਜੱਜ ਦੀ ਪਤਨੀ ਉਸਨੂੰ ਤੰਗ-ਪ੍ਰੇਸ਼ਾਨ ਕਰਦੀ ਸੀ।

ਇੱਕ ਅਫ਼ਸਰ ਨੇ ਦੱਸਿਆ ਕਿ ਮਹੀਪਾਲ ਕਈ ਦਿਨਾਂ ਤੋਂ ਘਰ ਜਾਣ ਲਈ ਛੁੱਟੀ ਮੰਗ ਰਿਹਾ ਸੀ ਪਰ ਜੱਜ ਦੀ ਪਤਨੀ ਇਸ ਲਈ ਬਿਲਕੁਲ ਤਿਆਰ ਨਹੀਂ ਸੀ। ਇੱਕ ਵਾਰ ਤਾਂ ਜੱਜ ਨੇ ਵੀ ਉਸਨੂੰ ਫਿਟਕਾਰ ਪਾਈ ਸੀ। ਇਸ ਲਈ ਮਹੀਪਾਲ ਦੋਵਾਂ ਤੋਂ ਤੰਗ ਆ ਗਿਆ ਸੀ।