ਨਵੀਂ ਦਿੱਲੀ: ਅੱਜ ਦੇ ਦਿਨ ਜਿੱਥੇ ਪੂਰਾ ਦੇਸ਼ ਹੋਲੀ ਦੇ ਰੰਗਾਂ ਵਿੱਚ ਡੁੱਬਿਆ ਹੋਇਆ ਹੈ, ਉੱਥੇ ਹੀ ਸੀਆਰਪੀਐਫ ਅਤੇ ਕੇਜਰੀਵਾਲ ਨੇ ਇਹ ਤਿਓਹਾਰ ਨਾ ਮਨਾਉਣ ਦਾ ਐਲਾਨ ਕੀਤਾ ਹੈ। ਪਿਛਲੇ ਮਹੀਨੇ ਦੀ 14 ਤਾਰੀਖ਼ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਏ ਸੀਆਰਪੀਐਫ ਦੇ 40 ਜਵਾਨਾਂ ਦੇ ਸਤਿਕਾਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੀਆਰਪੀਐਫ ਨੇ ਆਪਣੇ ਜਵਾਨਾਂ ਨੂੰ ਗਵਾਉਣ ਕਾਰਨ ਹੋਲੀ ਨਾ ਮਨਾਉਣ ਦਾ ਫੈਸਲਾ ਕੀਤਾ ਹੈ।


ਕੇਜਰੀਵਾਲ ਤਰਫੋਂ ਆਮ ਆਦਮੀ ਪਾਰਟੀ ਨੇ ਟਵੀਟ ਕਰ ਲਿਖਿਆ ਹੈ ਕਿ 40 ਸੀਆਰਪੀਐਫ ਦੀ ਸ਼ਹਾਦਤ ਦੇ ਸਨਮਾਨ ਵਿੱਚ ਉਹ ਹੋਲੀ ਨਹੀਂ ਮਨਾਉਣਗੇ। ਹਾਲਾਂਕਿ, ਕੇਜਰੀਵਾਲ ਨੇ ਇਸ ਨੂੰ ਨਿਜੀ ਫੈਸਲਾ ਦੱਸਦਿਆਂ ਕਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਹੋਰ ਨੇਤਾ ਜਾਂ ਦਿੱਲੀ ਸਰਕਾਰ ਦਾ ਕੋਈ ਅਧਿਕਾਰੀ ਹੋਲੀ ਖੇਡਣਾ ਚਾਹੇ ਤਾਂ ਅਜਿਹਾ ਕਰਨ 'ਤੇ ਕੋਈ ਮਨਾਹੀ ਨਹੀਂ ਹੈ।



ਕੇਜਰੀਵਾਲ ਦੇ ਇਸ ਆਜ਼ਾਦੀ ਦਾ ਉਨ੍ਹਾਂ ਦੇ ਸਾਥੀ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਖ਼ੂਬ ਲਾਹਾ ਲਿਆ। ਸਿਸੋਦੀਆ ਨੇ ਖੁੱਲ੍ਹ ਕੇ ਹੋਲੀ ਮਨਾਈ ਅਤੇ ਉਹ ਇਸ ਮੌਕੇ ਸੰਗੀਤ 'ਤੇ ਖ਼ੂਬ ਥਿਰਕੇ ਅਤੇ ਮਨ ਪ੍ਰਚਾਵਾ ਕੀਤਾ।