ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਕੇਂਦਰ 'ਚ ਸੱਤਾਧਾਰੀ ਪਾਰਟੀ 'ਤੇ ਵੱਡੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਮੁਲਕ ਨੂੰ ਵੰਡ ਕੇ ਪਾਕਿਸਤਾਨ ਦਾ ਸਾਥ ਦੇ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਨੇ ਪਾਰਟੀ ਦੇ ਸਥਾਪਨਾ ਦਿਵਸ ਪ੍ਰੋਗਰਾਮ 'ਚ ਭਾਸ਼ਣ ਦਿੰਦੇ ਹੋਏ ਬੀਜੇਪੀ ਦੀ ਤੁਲਨਾ ਪਾਕਿਤਸਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਕੀਤੀ। ਕੇਜਰੀਵਾਲ ਨੇ ਕਿਹਾ ਕਿ 70 ਸਾਲ 'ਚ ਆਈਐਸਆਈ ਦੇਸ਼ ਨੂੰ ਵੰਡ ਨਹੀਂ ਸਕੀ ਪਰ ਬੀਜੇਪੀ ਨੇ 3 ਸਾਲ 'ਚ ਇਹ ਕਰ ਦਿੱਤਾ।


ਕੇਜਰੀਵਾਲ ਨੇ ਪੰਜਵੇਂ ਸਥਾਪਨਾ ਦਿਵਸ ਸਮਾਰੋਹ 'ਚ ਦੇਸ਼ ਭਰ ਤੋਂ ਇਕੱਠਾ ਹੋਏ ਵਰਕਰਾਂ ਨੂੰ ਕਿਹਾ ਕਿ ਦੇਸ਼ ਬੇਹੱਦ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ, ਜਦਕਿ ਹਿੰਦੂ-ਮੁਸਲਮਾਨ ਨੂੰ ਆਪਸ 'ਚ ਲੜਾ ਕੇ ਮੁਲਕ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਇਹੀ ਮਕਸਦ ਪਾਕਿਸਤਾਨ ਦਾ ਹੈ ਜੋ ਬੀਜੇਪੀ ਪੂਰਾ ਕਰ ਰਹੀ ਹੈ।

ਕੇਜਰੀਵਾਲ ਨੇ ਕਿਹਾ ਕਿ ਜਿਹੜੇ ਲੋਕ ਦੇਸ਼ ਦੇ ਹਿੰਦੂ-ਮੁਸਲਮਾਨਾਂ ਨੂੰ ਵੰਡ ਰਹੇ ਹਨ, ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਹਨ। ਉਹ ਰਾਸ਼ਟਰ ਭਗਤੀ ਦਾ ਚੋਲਾ ਪਾ ਕੇ ਦੇਸ਼ਧ੍ਰੋਹੀ ਹਨ। ਕੇਜਰੀਵਾਲ ਨੇ ਕਿਹਾ ਕਿ ਮੁਲਕ ਨੂੰ ਤੋੜਨ ਦਾ ਜਿਹੜਾ ਕੰਮ ਆਈਐਸਆਈ 70 ਸਾਲ 'ਚ ਨਹੀਂ ਕਰ ਸਕੀ, ਉਹ ਬੀਜੇਪੀ ਨੇ ਤਿੰਨ ਸਾਲ 'ਚ ਕਰ ਦਿੱਤਾ ਹੈ।