ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਦੂਸ਼ਣ ਦੇ ਮਸਲੇ ਸਬੰਧੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਮਿਲਣਾ ਚਾਹੁੰਦੇ ਹਨ। ਦਰਅਸਲ ਦਿੱਲੀ 'ਚ ਪਿਛਲੇ ਦਿਨਾਂ 'ਚ ਪ੍ਰਦੂਸ਼ਣ ਬਹੁਤ ਜ਼ਿਆਦਾ ਵਧਿਆ ਹੈ ਤੇ ਦਿੱਲੀ ਦੇ ਲੋਕ ਇਸ ਤੋਂ ਬੇਹੱਦ ਪ੍ਰਭਾਵਿਤ ਹਨ। ਇਸ ਨੂੰ ਲੈ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣਗੇ ਤੇ ਪ੍ਰਦੂਸ਼ਣ ਦੇ ਮਸਲੇ ਦੇ ਹੱਲ ਲਈ ਗੱਲਬਾਤ ਕਰਨਗੇ।
ਦਿੱਲੀ ਨੂੰ ਅੱਜਕਲ੍ਹ ਗੈਸ ਚੈਂਬਰ ਜਿਹੀ ਪ੍ਰੀਭਾਸ਼ਾ ਮਿਲੀ ਹੋਈ ਹੈ। ਸਰਕਾਰੀ ਅਧਿਆਕਾਰੀਆਂ ਨੇ ਮੰਨਣਾ ਹੈ ਕਿ ਇਸ ਦਾ ਮੁੱਖ ਕਾਰਨ ਪੰਜਾਬ ਤੇ ਹਰਿਆਣਾ 'ਚ ਪਰਾਲੀ ਨੂੰ ਸਾੜਨਾ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਮਿਲਣ ਲਈ ਬੇਨਤੀ ਕੀਤੀ ਹੈ। ਉਨ੍ਹਾਂ ਸਕੂਲਾਂ ਨੂੰ ਬੱਚਿਆਂ 'ਤੇ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ ਹੈ ਤਾਂ ਕਿ ਉਹ ਬੀਮਾਰ ਨਾ ਹੋਣ।
ਦਿੱਲੀ ਸਰਕਾਰ ਨੇ ਹੈਲਥ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਤੇ ਬਜ਼ੁਰਗ ਤੇ ਬੀਮਾਰ ਲੋਕਾਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦਿੱਲੀ ਦੇ ਨਾਲ ਲੱਗਦੇ ਹੋਰ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਪ੍ਰਦੂਸ਼ਣ ਨੂੰ ਘਟਾਉਣ ਲਈ ਉਨ੍ਹਾਂ ਦੀ ਮੱਦਦ ਕਰਨ।