ਨਵੀਂ ਦਿੱਲੀ: ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਇਕ ਪੋਰਟਲ ਲਾਂਚ ਕੀਤਾ ਹੈ ਜਿਸ ਜ਼ਰੀਏ ਮਹਿਲਾਵਾਂ ਕੰਮ ਵਾਲੀ ਥਾਵਾਂ ’ਤੇ ਹੁੰਦੇ ਜਿਨਸੀ ਸ਼ੋਸ਼ਣ ਸਬੰਧੀ ਸ਼ਿਕਾਇਤਾਂ ਨੂੰ ਆਨਲਾਈਨ ਦਰਜ ਕਰਵਾ ਸਕਣਗੀਆਂ। ‘S8e-box’(ਜਿਨਸੀ ਸ਼ੋਸ਼ਣ ਇਲੈਕਟਰੋਨਿਕ ਬਾਕਸ) ਨਾਂ ਦਾ ਇਹ ਆਨਲਾਈਨ ਸ਼ਿਕਾਇਤ ਪ੍ਰਬੰਧ ਸਿਸਟਮ ਮਹਿਲਾਵਾਂ ਤੇ ਬਾਲ ਵਿਕਾਸ ਮੰਤਰਾਲੇ ਦੀ ਵੈੱਬਸਾਈਟ ’ਤੇ ਉਪਲਬਧ ਹੋਵੇਗਾ।ਸ਼ਿਕਾਇਤ ਕਰਨ ਲਈ ਲਿੰਕ http://shebox.nic.in/ ਹੈ।


ਮੰਤਰਾਲੇ ਅਧੀਨ ਇਕ ਸੈੱਲ ਇਸ ਈ-ਬਾਕਸ ਵਿੱਚ ਦਰਜ ਹੋਣ ਵਾਲੀ ਹਰ ਆਨਲਾਈਨ ਸ਼ਿਕਾਇਤ ਨੂੰ ਵੇਖੇਗਾ। ਸੈੱਲ ਲਈ ਕਾਨੂੰਨਨ ਸਬੰਧਤ ਸੰਸਥਾ ਦੀ ਅੰਦਰਲੀ ਸ਼ਿਕਾਇਤ ਕਮੇਟੀ (ਆਈਸੀਸੀ) ਨਾਲ ਇਸ ਨੂੰ ਸਾਂਝਾ ਕਰਨਾ ਲਾਜ਼ਮੀ ਹੋਵੇਗਾ। ਸ਼ਿਕਾਇਤਕਰਤਾ ਪੋਰਟਲ ’ਤੇ ਆਈਸੀਸੀ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਮੌਜੂਦਾ ਸਥਿਤੀ ਨੂੰ ਵੀ ਵੇਖ ਸਕਣਗੇ।

ਯਾਦ ਰਹੇ ਕੰਮ ਵਾਲੀ ਥਾਂ ’ਤੇ ਹੁੰਦੇ ਜਿਨਸੀ ਸ਼ੋਸ਼ਣ ਬਾਰੇ ਐਕਟ 2013 ਤਹਿਤ ਹਰ ਸੰਸਥਾ ਲਈ ਅਜਿਹੀਆਂ ਸ਼ਿਕਾਇਤਾਂ ਨੂੰ ਮੁਖਾਤਿਬ ਹੋਣ ਲਈ ਦਸ ਜਾਂ ਇਸ ਤੋਂ ਵੱਧ ਮੁਲਾਜ਼ਮਾਂ ਦੀ ਇਕ ਅੰਦਰੂਨੀ ਕਮੇਟੀ ਗਠਿਤ ਕਰਨਾ ਲਾਜ਼ਮੀ ਹੈ।