ਨਵੀਂ ਦਿੱਲੀ: ਜ਼ਹਿਰੀਲੀ ਧੁੰਦ ਦੇ ਕਹਿਰ ਕਰਕੇ ਦਿੱਲੀ ਸਰਕਾਰ ਨੇ ਸਾਰੇ ਪ੍ਰਾਇਮਰੀ ਸਕੂਲ ਬੰਦ ਕਰ ਦਿੱਤੇ ਹਨ। ਸਿੱਖਿਆ ਮੰਤਰੀ ਮਨੀਸ਼ ਸ਼ਸ਼ੋਦੀਆ ਨੇ ਐਮਰਜੈਂਸੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਕੱਲ੍ਹ ਸਾਰੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਬੰਦ ਰਹਿਣਗੇ। ਕੱਲ੍ਹ ਫਿਰ ਹਾਲਾਤ ਦਾ ਜਾਇਜ਼ ਲਿਆ ਜਾਏਗਾ ਤੇ ਇਸ ਮਗਰੋਂ ਸਕੂਲਾਂ ਬਾਰੇ ਅਗਲਾ ਫੈਸਲਾ ਲਿਆ ਜਾਏਗਾ। ਇਸ ਤੋਂ ਇਲਾਵਾ ਸਕੂਲਾਂ ਵਿੱਚ ਖੁੱਲ੍ਹੇ ਆਸਮਾਨ ਹੇਠ ਪ੍ਰਾਥਨਾ ਤੇ ਹੋਰ ਸਰਗਰਮੀਆਂ ਰੱਦ ਕਰ ਦਿੱਤੀਆਂ ਹਨ।


ਕਾਬਲੇਗੌਰ ਹੈ ਕਿ ਦਿੱਲੀ ਵਿੱਚ ਅੱਜ ਸਵੇਰੇ ਲੋਕ ਜਦ ਸੌਂ ਕੇ ਉੱਠੇ ਤਾਂ ਉਨ੍ਹਾਂ ਦਾ ਸਾਹਮਣਾ ਖ਼ਤਰਨਾਕ ਜ਼ਹਿਰੀਲੇ ਪ੍ਰਦੂਸ਼ਣ ਨਾਲ ਹੋਇਆ। ਇਸ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖਿਅ ਮੰਤਰੀ ਮਨੀਸ਼ ਸਿਸੋਦੀਆ ਨੂੰ ਸਕੂਲਾਂ ਨੂੰ ਬੰਦ ਕਰਨ ਬਾਰੇ ਵਿਚਾਰ ਕਰਨ ਲਈ ਕਿਹਾ ਸੀ। ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦਿਆਂ ਕੇਂਦਰੀ ਵਾਤਾਵਰਨ ਮੰਤਰੀ ਮਹੇਸ਼ ਸ਼ਰਮਾ ਨੇ ਐਮਰਜੈਂਸੀ ਬੈਠਕ ਬੁਲਾਈ ਸੀ।

ਤੁਹਾਨੂੰ ਦੱਸ ਦਈਏ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਦਿੱਲੀ ਵਿੱਚ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ। ਆਈ.ਐਮ.ਏ ਨੇ ਦਿੱਲੀ ਵਿੱਚ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਮਹਿਲਾਵਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਆਈ.ਐਮ.ਏ ਨੇ ਸਕੂਲ ਮੈਰਾਥਨ ਕੈਂਸਲ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।

ਦਿੱਲੀ ਐਨ.ਸੀ.ਆਰ ਵਿੱਚ ਜ਼ਹਿਰੀਲੀ ਧੁੰਦ ਦੇ ਮੁੱਦੇ ‘ਤੇ ਐਨ.ਜੀ.ਟੀ ਨੇ ਨਾਰਾਜ਼ਗੀ ਜਤਾਈ ਹੈ। ਐਨ.ਜੀ.ਟੀ ਨੇ ਦਿੱਲੀ ਤੋਂ ਇਲਾਵਾ ਯੂਪੀ, ਹਰਿਆਣਾ ਤੇ ਪੰਜਾਬ ਸਰਕਾਰ ਤੋਂ ਪੁੱਛਿਆ ਹੀ ਕਿ ਇਸ ਨੂੰ ਰੋਕਣ ਲਈ ਕੀ ਉਪਾਅ ਕੀਤੇ ਗਏ ਹਨ। ਐਨ.ਜੀ.ਟੀ ਨੇ ਪੁੱਛਿਆ ਕਿ ਹਾਲਾਤ ਇਸ ਤੋਂ ਜ਼ਿਆਦਾ ਬਦਤਰ ਨਾ ਹੋਣ ਇਸ ਲਈ ਕੀ ਕਾਰਵਾਈ ਕੀਤੀ ਗਈ। ਐਨ.ਜੀ.ਟੀ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ ਦੋ ਦਿਨ ਬਾਅਦ ਹੋਵੇਗੀ।

ਸੀ.ਪੀ.ਸੀ.ਬੀ ਦੀ ਹਵਾ ਪ੍ਰਯੋਗਸ਼ਾਲਾ ਦੇ ਮੁਖੀ ਦਿਪਾਂਕਰ ਸਾਹਾ ਨੇ ਕਿਹਾ,” ਪੂਰੀ ਤਰ੍ਹਾਂ ਸ਼ਾਂਤ ਹਾਲਤ ਤੇ ਹਵਾ ਦੇ ਬਿਲਕੁਲ ਨਾ ਵੱਗਣ ਦੀ ਵਜ੍ਹਾ ਨਾਲ ਅਜਿਹੀ ਸਥਿਤੀ ਹੋਈ ਹੈ। ਗਵਾਂਢੀ ਸੂਬੇ-ਪੰਜਾਬ ਤੇ ਹਰਿਆਣਾ ਤੋਂ ਹਾਲੇ ਸ਼ਹਿਰ ਵਿੱਚ ਹਵਾ ਨਹੀਂ ਆ ਰਹੀ ਪਰ ਜਦ ਦੋਹਾਂ ਸੂਬਿਆਂ ਤੋਂ ਹਵਾ ਆਉਣੀ ਸ਼ੁਰੂ ਹੋਵੇਗੀ ਤਾਂ ਹਾਲਾਤ ਹੋਰ ਵਿਗੜਣਗੇ।”