ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਜੀਐਸਟੀ ਤਹਿਤ ਉੱਚ ਕਰ 'ਚ 28 ਪ੍ਰਤੀਸ਼ਤ ਦੀ ਦਰ 'ਚ ਆਉਣ ਵਾਲੀਆਂ ਵਸਤੂਆਂ 'ਚ ਕਾਂਟ-ਸ਼ਾਂਟ ਕਰਨ ਦੇ ਸੋਮਵਾਰ ਨੂੰ ਸੰਕੇਤ ਦਿੱਤੇ ਹਨ। ਜੀਐਸਟੀ ਬਾਰੇ ਬੋਲਦਿਆਂ ਉਨ੍ਹਾਂ ਇਹ ਸੰਕੇਤ ਦਿੱਤੇ ਹਨ। ਜੇਤਲੀ ਨੇ ਇਹ ਸੰਕੇਤ ਨੋਟਬੰਦੀ ਦੀ ਵਰ੍ਹੇਗੰਢ 'ਤੇ ਮੋਦੀ ਸਰਕਾਰ ਦੀ ਅਲੋਚਨਾ ਨੂੰ ਵੇਖਦਿਆਂ ਦਿੱਤਾ ਹੈ।

ਪਹਿਲੀ ਜੁਲਾਈ ਤੋਂ ਲਾਗੂ ਜੀਐਸਟੀ ਤਹਿਤ 1200 ਤੋਂ ਵੱਧ ਵਸਤੂਆਂ 'ਤੇ 28 ਫੀਸਦੀ ਤੱਕ ਟੈਕਸ ਲਾਇਆ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਜੀਐਸਟੀ 'ਚ ਥੋੜ੍ਹੀ ਰਾਹਤ ਦਿੱਤੀ ਸੀ ਪਰ ਉਸ ਦੇ ਬਾਵਜੂਦ ਲੋਕ ਦੁਖੀ ਹਨ। ਖਾਸ ਤੌਰ 'ਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ 'ਚ ਇਹ ਮੁੱਦਾ ਬਣ ਰਿਹਾ ਹੈ।

ਜੇਤਲੀ ਨੇ ਕਿਹਾ ਹੈ ਕਿ ਜਿਣਸਾਂ 'ਤੇ 28 ਫੀਸਦੀ ਦਰ ਪਹਿਲਾਂ ਹੀ ਨਹੀਂ ਹੋਣੀ ਚਾਹੀਦੀ ਸੀ। ਇਸੇ ਦੇ ਬਾਵਜੂਦ ਇਹ ਲਾਗੂ ਹੋਇਆ ਸੀ। ਮੰਤਰੀ ਨੇ ਕਿਹਾ ਕਿ 28 ਤੋਂ ਘਟਾ ਕੇ 18 ਫੀਸਦੀ ਤੇ 18 ਫੀਸਦੀ ਘਟਾ ਕੇ 12 ਫੀਸਦੀ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਅਸੀਂ ਹੌਲੀ ਹੌਲੀ ਹੇਠਾਂ ਨੂੰ ਲਿਆ ਰਹੇ ਹਾਂ।

ਜੀਐਸਟੀ 'ਤੇ ਅਗਲੀ ਬੈਠਕ 10 ਨਵੰਬਰ ਨੂੰ ਹੋਣੀ ਹੈ। ਇਸ 'ਚ ਹੋਰ ਟੈਕਸ ਵੀ ਗਟਾਏ ਜਾ ਸਕਦੇ ਹਨ। ਦੱਸਣਯੋਗ ਹੈ ਕਿ ਚੋਣਾਂ ਦੇ ਦੌਰਾਨ ਇਸ 'ਤੇ ਜ਼ਿਆਦਾ ਚਰਚਾ ਹੋ ਰਹੀ ਹੈ ਤੇ ਇਸੇ ਕਰਕੇ ਹੀ ਸਰਕਾਰ 'ਤੇ ਟੈਕਸ ਘਟਾਉਣ ਦਾ ਦਬਾਅ ਹੈ।