ਨਵੀਂ ਦਿੱਲੀ: ਅਦਾਕਾਰ ਕਮਲ ਹਾਸਨ ਨੇ ਆਪਣੀ ਸਿਆਸੀ ਪਾਰੀ ਦੇ ਆਗ਼ਾਜ਼ ਲਈ ਪਹਿਲਾ ਕਦਮ ਪੁੱਟ ਲਿਆ ਹੈ। ਆਪਣੇ ਜਨਮ ਦਿਨ ਮੌਕੇ ਅਦਾਕਾਰ ਕਮਲ ਹਾਸਨ ਨੇ ਇੱਕ ਮੋਬਾਈਲ ਐਪ ਜਾਰੀ ਕੀਤਾ ਹੈ। ਇਸ ਰਾਹੀਂ ਕਮਲ ਹਾਸਨ ਤਾਮਿਲਨਾਡੂ ਦੇ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਨਾਲ ਜੁੜਨ ਦੀ ਇੱਛਾ ਦੱਸਦਿਆਂ ਕਿਹਾ ਕਿ ਇਹ ਜਨਤਕ ਪਲੇਟਫਾਰਮ ਹੈ। ਉਨ੍ਹਾਂ ਕਿਹਾ, "ਮੈਂ ਛੇਤੀ ਹੀ ਪੂਰੇ ਤਾਮਿਲਨਾਡੂ ਦਾ ਦੌਰਾ ਕਰਾਂਗਾ, ਪੂਰੇ ਸੂਬੇ ਵਿੱਚ ਮੇਰੇ ਪ੍ਰਸ਼ੰਸਕ ਚੰਗਾ ਕੰਮ ਕਰ ਰਹੇ ਹਨ।"


ਕਮਲ ਹਾਸਨ ਨੇ ਕਿਹਾ ਕਿ ਜਨਮ ਦਿਨ 'ਤੇ ਕਈ ਲੋਕ ਸੋਚ ਰਹੇ ਸਨ, "ਮੈਂ ਆਪਣੀ ਪਾਰਟੀ ਦਾ ਐਲਾਨ ਕਰਾਂਗਾ, ਪਰ ਹਾਲੇ ਮੈਂ ਕਾਫੀ ਕੰਮ ਕਰਨਾ ਹੈ ਤੇ ਅਸੀਂ ਹਾਲੇ ਹਾਲਾਤ ਸਮਝਣ ਦਾ ਕੰਮ ਕਰ ਰਹੇ ਹਾਂ।" ਇਸ ਤੋਂ ਪਹਿਲਾਂ ਕਮਲ ਹਾਸਨ ਨੇ ਮੀਡੀਆ ਨੂੰ ਕਿਹਾ ਕਿ ਉਹ ਸਿਆਸਤ ਵਿੱਚ ਆਉਣ 'ਤੇ ਮੁੱਖ ਮੰਤਰੀ ਬਣਨ ਲਈ ਵੀ ਤਿਆਰ ਹਨ।

ਮੰਗਲਵਾਰ ਨੂੰ ਉਨ੍ਹਾਂ ਆਪਣੇ ਜਨਮ ਦਿਨ 'ਤੇ ਚੇਨੱਈ ਵਿੱਚ ਮੀਂਹ ਨਾਲ ਪ੍ਰਭਾਵਿਤ ਇਲਾਕਿਆ ਵਿੱਚ ਮੈਡੀਕਲ ਕੈਂਪ ਖੋਲ੍ਹਿਆ। ਉਨ੍ਹਾਂ ਕਿਹਾ ਕਿ ਮੇਰੇ ਜਨਮ ਦਿਨ 'ਤੇ ਕੇਕ ਨਾ ਕੱਟਿਆ ਜਾਵੇ ਬਲਕਿ ਬਾਰਸ਼ ਕਾਰਨ ਪ੍ਰੇਸ਼ਾਨ ਹੋਏ ਲੋਕਾਂ ਦੀ ਮਦਦ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਮੀਂਹ ਕਾਰਨ ਚੇਨੱਈ ਦਾ ਬੁਰਾ ਹਾਲ ਹੈ। ਕਈ ਥਾਵਾਂ 'ਤੇ ਪਾਣੀ ਭਰਨ ਕਾਰਨ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ।

ਕਮਲ ਹਾਸਨ ਦੇ ਸਿਆਸਤ ਵਿੱਚ ਆਉਣ ਦੀ ਚਰਚਾ ਲੰਮੇ ਸਮੇਂ ਤੋਂ ਚੱਲ ਰਹੀ ਹੈ। ਉਸ ਵੱਲੋਂ ਕਿਸੇ ਸਥਾਪਤ ਸਿਆਸੀ ਪਾਰਟੀ ਦਾ ਪੱਲਾ ਫੜਨ ਦੀਆਂ ਅਟਕਲਬਾਜ਼ੀਆਂ ਵੀ ਜਾਰੀ ਹਨ। ਉਸ ਨੇ ਖ਼ੁਦ ਦੀ ਪਾਰਟੀ ਕਰਨ ਦੇ ਸੰਕੇਤ ਦੇਣ ਤੋਂ ਬਾਅਦ ਫਿਲਹਾਲ ਇਸ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ। ਕਮਲ ਹਾਸਨ ਐਤਵਾਰ ਨੂੰ ਆਪਣੀ ਸੰਸਥਾ 'ਕਮਲ ਹਾਸਨ ਨਰਪਾਨੀ ਇਯਾਕੱਮ' ਦੀ 39ਵੀਂ ਵਰ੍ਹੇਗੰਢ ਮੌਕੇ ਕੇਲਾਂਬਕਮ ਪਹੁੰਚਿਆ ਸੀ। ਇੱਥੇ ਹੀ ਉਸ ਨੇ ਐਪ ਜਾਰੀ ਕਰ ਕੇ ਸਿਆਸਤ ਵਿੱਚ ਦਾਖਲੇ ਦੀ ਗੱਲ ਕਹੀ ਸੀ।