ਮੰਬਈ: ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਵਿੱਦਿਆ ਬਾਲਨ ਇਨ੍ਹੀਂ ਦਿਨੀਂ ਫ਼ਿਲਮਾਂ ਕਾਰਨ ਨਹੀਂ ਬਲਕਿ ਜਿਣਸੀ ਸ਼ੋਸ਼ਣ ਬਾਰੇ ਦਿੱਤੇ ਆਪਣੇ ਬਿਆਨਾਂ ਕਾਰਨ ਚਰਚਾ ਵਿੱਚ ਹੈ। ਇੱਕ ਇੰਟਰਵਿਊ ਦੌਰਾਨ ਵਿੱਦਿਆ ਨੇ ਕਿਹਾ ਸੀ ਕਿ ਕਾਲਜ ਦੇ ਦਿਨਾਂ ਵਿੱਚ ਉਹ ਛੇੜਖਾਨੀ ਦਾ ਸ਼ਿਕਾਰ ਹੋਈ ਸੀ। ਆਪਣੀ ਨਵੀਂ ਫ਼ਿਲਮ 'ਤੁਮਹਾਰੀ ਸੁਲੂ' ਬਾਰੇ ਇੱਕ ਅਖ਼ਬਾਰ ਨਾਲ ਗੱਲਬਾਤ ਕਰਨ ਆਈ ਹੋਈ ਸੀ, ਜਿੱਥੇ ਉਸ ਨੇ ਯੌਨ ਸ਼ੋਸ਼ਣ, ਆਪਣੀਆਂ ਕਮੀਆਂ ਤੇ ਵਿਆਹੁਤਾ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।


#MeToo ਮੁਹਿੰਮ ਤਹਿਤ ਸਰੀਰਕ ਸ਼ੋਸ਼ਣ ਬਾਰੇ ਜਦੋਂ ਵਿੱਦਿਆ ਨੂੰ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਤਾਂ ਹਮੇਸ਼ਾ ਤੋਂ ਹੁੰਦਾ ਆਇਆ ਹੈ। ਫਰਕ ਸਿਰਫ ਇੰਨਾ ਹੈ ਕਿ ਅੱਜ ਲੋਕ ਇਸ ਬਾਰੇ ਗੱਲ ਕਰ ਲੈਂਦੇ ਹਨ ਤੇ ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਉਸ ਨੇ ਕਿਹਾ ਕਿ ਅੱਜ ਇਹ ਗੱਲ ਚੰਗੀ ਹੋ ਰਹੀ ਹੈ ਕਿ ਹਰ ਲੜਕੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰ ਰਹੀ। ਅੱਜ ਉਹ ਖ਼ੁਦ ਨੂੰ ਦੋਸ਼ੀ ਮੰਨਣ ਦੀ ਬਜਾਏ ਦੋਸ਼ੀ ਦਾ ਪਰਦਾਫਾਸ਼ ਕਰਦੀ ਹੈ।

ਚੁੱਪ ਰਹਿਣਾ ਸਹੀ ਹੱਲ ਨਹੀਂ

ਵਿੱਦਿਆ ਨੇ ਦੱਸਿਆ ਕਿ ਜਦੋਂ ਉਹ ਲੋਕਲ ਟ੍ਰੇਨ ਵਿੱਚ ਸਫਰ ਕਰਦੀ ਸੀ ਤਾਂ ਚੇਂਬੂਰ ਤੋਂ ਵੀ.ਟੀ. ਜਾਣਾ ਹੁੰਦਾ ਸੀ। ਕਾਲਜ ਦੇ ਦਿਨਾਂ ਵਿੱਚ ਅਕਸਰ ਹੀ ਕੋਈ ਨਾ ਕੋਈ ਉਸ ਨੂੰ ਚੂੰਢੀ ਵੱਢ ਦਿੰਦਾ ਸੀ ਤੇ ਕੋਈ ਹੋਰ ਤਰੀਕੇ ਨਾਲ ਹੱਥ ਲਾਉਂਦਾ ਸੀ। ਮੈਨੂੰ ਬਹੁਤ ਗੁੱਸਾ ਆਉਂਦਾ ਸੀ ਤੇ ਮੈਂ ਰੌਲਾ ਪਾ ਦਿੰਦੀ ਸੀ ਤੇ ਹੱਥ ਵੀ ਚੁੱਕ ਦਿੰਦੀ ਸੀ। ਮੈਨੂੰ ਲੱਗਦਾ ਹੈ ਕਿ ਅਜਿਹੇ ਮਾਮਲਿਆਂ ਚੁੱਪ ਨਹੀਂ ਰਹਿਣਾ ਚਾਹੀਦਾ।

ਜਦੋਂ ਇੱਕ ਫ਼ੌਜੀ ਮੇਰੀ ਹਿੱਕ ਵੱਲ ਤੱਕਦਾ ਰਿਹਾ

ਵਿੱਦਿਆ ਨੇ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਲਜ ਦੇ ਦਿਨਾਂ ਵਿੱਚ ਉਹ ਵਾਰ-ਵਾਰ ਛੇੜਖਾਨੀ ਦਾ ਸ਼ਿਕਾਰ ਹੋਈ ਸੀ। ਵਿੱਦਿਆ ਨੇ ਕਿਹਾ ਕਿ ਇੱਕ ਦਿਨ ਵੀ.ਟੀ. ਸਟੇਸ਼ਨ 'ਤੇ ਖੜ੍ਹਾ ਫ਼ੌਜੀ ਜਵਾਨ ਉਸ ਵੱਲ ਦੇਖੀ ਜਾ ਰਿਹਾ ਸੀ। ਉਹ ਲਗਾਤਾਰ ਉਸ ਦੀ ਹਿੱਕ ਵੱਲ ਘੂਰ ਰਿਹਾ ਸੀ ਤੇ ਫਿਰ ਉਸ ਨੇ ਮੇਰੇ ਵੱਲ ਵੇਖ ਕੇ ਅੱਖ ਵੀ ਮਾਰ ਦਿੱਤੀ। ਇਸ ਤੋਂ ਬਾਅਦ ਵਿੱਦਿਆ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਤੇ ਉਸ ਨੂੰ ਖ਼ੂਬ ਖਰੀਆਂ ਖੋਟੀਆਂ ਸੁਣਾਈਆਂ। ਉਸ ਨੇ ਉਸ ਨੂੰ ਕਿਹਾ ਕਿ ਤੇਰੇ ਸਿਰ 'ਤੇ ਦੇਸ਼ ਦੀ ਸੁਰੱਖਿਆ ਦਾ ਜ਼ਿੰਮਾ ਹੈ ਤੇ ਤੂੰ ਮੈਨੂੰ ਅੱਖ ਮਾਰ ਰਿਹਾ ਹੈਂ..? ਇਹ ਕੀ ਬੇਹੁਦਗੀ ਹੈ..?

ਕਈ ਵਾਰ ਤਾਂ ਲੋਕ ਅੱਖਾਂ ਨਾਲ ਹੀ ਬਲਾਤਕਾਰ ਕਰ ਦਿੰਦੇ

ਵਿੱਦਿਆ ਨੇ ਕਿਹਾ ਕਿ ਜਿਣਸੀ ਸ਼ੋਸ਼ਣ ਬਹੁਤ ਦਰਦਨਾਕ ਹੈ। ਇਹ ਕਈ ਕਿਸਮ ਦਾ ਹੈ। ਹੱਥ ਲਾਉਣਾ, ਅਸ਼ਲੀਲ ਗੱਲਾਂ ਕਰਨੀਆਂ ਜਾਂ ਛੇੜਖਾਨੀ ਕਰਨਾ ਹੀ ਜਿਣਸੀ ਸ਼ੋਸ਼ਣ ਨਹੀਂ ਹੁੰਦਾ। ਕਈ ਵਾਰ ਤਾਂ ਲੋਕ ਅੱਖਾਂ ਨਾਲ ਹੀ ਬਲਾਤਕਾਰ ਕਰ ਦਿੰਦੇ ਹਨ।