ਮੁੰਬਈ: ਇਹ ਜਾਣ ਕੇ ਥੋੜ੍ਹਾ ਅਟਪਟਾ ਜ਼ਰੂਰ ਲੱਗੇਗਾ ਪਰ ਇਹ ਸੱਚ ਹੈ। ਬਾਲੀਵੁੱਡ ਦੇ ਮਿਸਟਰ ਪ੍ਰੋਫੈਸ਼ਨਿਸਟ ਆਮਿਰ ਖ਼ਾਨ ਨੂੰ ਆਪਣੀ ਪਤਨੀ ਕਿਰਨ ਰਾਵ ਨੇ ਇੱਕ ਵੇਲੇ ਆਪਣੀ ਫਿਲਮ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕਿਰਨ ਰਾਵ ਫਿਲਮ "ਧੋਬੀਘਾਟ" ਬਣਾ ਰਹੀ ਸੀ। ਇਸ ਦਾ ਕਾਰਨ ਕੁਝ ਹੋਰ ਨਹੀਂ ਬਲਕਿ ਆਮਿਰ ਖ਼ਾਨ ਦੀ ਸਟਾਰਡਮ ਸੀ। ਇਸ ਗੱਲ ਦਾ ਜ਼ਿਕਰ ਹਾਲ ਹੀ ਵਿੱਚ ਆਮਿਰ ਖ਼ਾਨ ਨੇ ਖੁਦ ਕੀਤਾ ਹੈ।


ਸਟਾਰਡਮ ਬਾਰੇ ਗੱਲਬਾਤ ਕਰਦਿਆਂ ਆਮਿਰ ਨੇ ਕਿਹਾ,''ਇੱਕ ਵੇਲੇ ਮੈਨੂੰ ਇਸ ਵਿੱਚੋਂ ਨਿਕਲਣ ਵਿੱਚ ਥੋੜ੍ਹੀ ਸਖਤ ਮਿਹਨਤ ਕਰਨੀ ਪਈ ਤਾਂ ਕਿ ਮੈਂ ਸਹੀ ਤਰੀਕੇ ਨਾਲ ਕੰਮ ਕਰ ਸਕਾਂ।" ਆਮਿਰ ਨੇ ਇੱਕ ਉਦਾਰਹਨ ਦੇ ਕੇ ਦੱਸਿਆ ਕਿ ਕਿਰਨ ਉਨ੍ਹਾਂ ਨੂੰ ਉਸ (ਸਟਾਰਡਮ) ਦੀ ਵਜ੍ਹਾ ਕਰਕੇ "ਧੋਬੀਘਾਟ" ਵਿੱਚ ਨਹੀਂ ਲੈ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸ ਤਰ੍ਹਾਂ ਨੌਂ ਲੋਕਾਂ ਦੇ ਕਰੂ ਦੇ ਨਾਲ ਅਜਿਹੀ ਜਗ੍ਹਾ ਸ਼ੂਟਿੰਗ ਕਰ ਸਕੇਗੀ ਜਿੱਥੇ 15 ਬਾਡੀ ਗਾਰਡ ਆ ਜਾਣ। ਮੈਂ ਕਿਹਾ ਕਿ ਮੇਰੇ 'ਤੇ ਛੱਡ ਦੇਵੋ। ਮੈਨੂੰ ਆਪਣੇ ਤਰੀਕੇ ਨਾਲ ਸਟਾਰਡਮ ਵਿੱਚੋਂ ਬਾਹਰ ਆਉਣਾ ਪਿਆ ਕਿਉਂਕਿ ਇਹ ਫਿਲਮ ਦੇ ਵਿਚਕਾਰ ਹੋਇਆ।

ਦੱਸ ਦਈਏ ਕਿ ਆਮਿਰ ਖ਼ਾਨ ਨੇ ਭਾਵੇਂ ਲਗਾਤਾਰ ਬਲੌਕਬਸਟਰ ਫ਼ਿਲਮਾਂ ਦਿੱਤੀਆਂ ਹੋਣ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਖੁਦ ਦੇ ਸਟਾਰਡਮ ਹਾਵੀ ਹੋਣ ਤੋਂ ਰੋਕਣ ਲਈ ਉਨ੍ਹਾਂ ਨੂੰ ਕਰੜੀ ਕੋਸ਼ਿਸ਼ ਕਰਨੀ ਪਈ। ਆਮਿਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇੱਕ ਸਟਾਰ ਦੀ ਤਰ੍ਹਾਂ ਮਹਿਸੂਸ ਨਹੀਂ ਕੀਤਾ ਬਲਕਿ ਉਹ ਖੁਦ ਨੂੰ ਇੱਕ ਅਜਿਹੇ ਵਿਅਕਤੀ ਦੇ ਤੌਰ 'ਤੇ ਦੇਖਦੇ ਹਨ ਜੋ ਆਪਣੇ ਕੰਮ ਦਾ ਆਨੰਦ ਲੈਂਦਾ ਹੈ।

ਆਮਿਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਸੁਪਰਸਟਾਰ ਹਾਂ। ਉਹ ਭਾਵਨਾ ਮੇਰੇ ਅੰਦਰ ਨਹੀਂ ਹੈ। ਮੈਂ ਸਮਝਦਾ ਹਾਂ ਕਿ ਮੈਂ ਅਜਿਹਾ ਵਿਅਕਤੀ ਹਾਂ ਜੋ ਉਸ ਨੂੰ ਪਸੰਦ ਕਰਦਾ ਹੈ ਜੋ ਉਹ ਕਰ (ਕਿਰਦਾਰ ਦੇ ਸੰਦਰਭ ਵਿੱਚ) ਰਿਹਾ ਹੈ। ਮੈਂ ਸੱਚਮੁੱਚ ਆਨੰਦ ਲੈਂਦਾ ਹਾਂ। ਮੈਂ ਸੁਪਰਸਟਾਰਡਮ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ ਹਾਂ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਹੋਈ ਆਮਿਰ ਖ਼ਾਨ ਦੀ ਫਿਲਮ "ਦੰਗਲ" ਨੇ ਰਿਕਾਰਡ ਤੋੜ ਕਮਾਈ ਕੀਤੀ ਸੀ। ਕੁਝ ਦਿਨ ਪਹਿਲਾਂ ਫਿਲਮ "ਸੀਕ੍ਰੇਟ ਸੁਪਰਸਟਾਰ" ਰਿਲੀਜ਼ ਹੋਈ ਹੈ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ਨੇ ਵੀ ਸਿਨੇਮਾ ਘਰਾਂ ਵਿੱਚ ਚੰਗੀ ਕਮਾਈ ਕੀਤੀ ਹੈ। ਇਸ ਫਿਲਮ ਵਿੱਚ ਆਮਿਰ ਖ਼ਾਨ ਛੋਟੀ ਜਿਹੀ ਭੂਮਿਕਾ ਵਿੱਚ ਹਨ। ਇਸ ਫਿਲਮ ਨੂੰ ਉਨ੍ਹਾਂ ਦੇ ਹੀ ਪ੍ਰੋਡਕਸ਼ਨ ਹਾਊਸ ਨੇ ਬਣਾਇਆ ਹੈ।