ਨਵੀਂ ਦਿੱਲੀ: ਸਮਾਜਿਕ ਮੁੱਦਿਆਂ 'ਤੇ ਆਪਣੀ ਰਾਏ ਰੱਖਣ ਵਾਲੀ ਅਭੀਨੇਤਰੀ ਵਿਦਿਆ ਬਾਲਨ ਨੇ ਕਾਫੀ ਦਿਨਾਂ ਤੋਂ ਚੱਲ ਰਹੇ ਸਰੀਰਕ ਸ਼ੋਸ਼ਣ ਦੇ ਮੁੱਦੇ 'ਤੇ ਆਪਣੀ ਰਾਏ ਰੱਖੀ ਹੈ। ਹਾਲ ਹੀ ਵਿੱਚ ਇਸ ਮੁੱਦੇ 'ਤੇ ਆਪਣੀ ਰਾਏ ਰੱਖਦਿਆਂ ਵਿਦਿਆ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਦੇ ਨਾਮ ਸਮਾਜ ਦੇ ਸਾਹਮਣੇ ਆਉਣੇ ਚਾਹੀਦੇ ਹਨ ਤੇ ਇਨ੍ਹਾਂ ਲੋਕਾਂ ਨੂੰ ਸ਼ਰਮਿੰਦਾ ਕਰਨਾ ਚਾਹੀਦਾ ਹੈ।


ਵਿੱਦਿਆ ਦਾ ਮੰਨਣਾ ਹੈ ਕੀ ਸਾਨੂੰ ਖ਼ਾਸਕਰ ਔਰਤਾਂ ਨੂੰ ਇਸ ਮੁੱਦੇ 'ਤੇ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਵਿਦਿਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਇਸ ਮੁੱਦੇ 'ਤੇ ਹੁਣ ਖੁੱਲ੍ਹ ਕੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਕੋਈ ਗ਼ਲਤ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਲਾਹ ਵੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਦਾ ਨਾਮ ਵੀ ਸਾਰਿਆਂ ਸਾਹਮਣੇ ਲਿਆਉਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇ।

ਤੁਹਾਨੂੰ ਦੱਸ ਦਈਏ ਕਿ ਹਾਲੀਵੁੱਡ ਫਿਲਮ ਪ੍ਰੋਡਿਊਸਰ ਹਾਰਵੇ ਵਿੰਸਟਿਨ ਦਾ ਨਾਮ ਲਗਾਤਾਰ ਸਪਾਟਲਾਇਟ ਵਿੱਚ ਬਣਿਆ ਹੋਇਆ ਹੈ। ਸ਼ਾਰੀਰਿਕ ਸ਼ੋਸ਼ਣ ਕਾਰਨ ਦੇ ਮਾਮਲੇ ਵਿੱਚ ਉਨ੍ਹਾਂ ਦਾ ਨਾਮ ਸਾਹਮਣੇ ਆਉਣ ਮਗਰੋਂ ਹਾਲੀਵੁੱਡ ਵਿੱਚ ਹੈਰੋਇਨਜ਼ ਆਪਣੀ ਦਾਸਤਾਨ ਸੁਣਾਉਂਦੇ ਹੋਈਆਂ ਵਿੰਸਟਿਨ 'ਤੇ ਇਲਜ਼ਾਮ ਲਾ ਰਹੀਆਂ ਹਨ।

ਇਸ ਦੇ ਨਾਲ ਹੀ #MeToo ਕੈਂਪੇਨ ਚੱਲ ਪਈ ਹੈ ਜਿਸ ਤਹਿਤ ਸਾਰੇ ਐਕਟਰ-ਐਕਟਰਸ ਆਪਣੇ ਨਾਲ ਹੋਏ ਸ਼ਾਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਦੇ ਬਾਰੇ ਦੱਸ ਰਹੇ ਹਨ। ਹੁਣ ਤੱਕ ਇਸ ਮਾਮਲੇ ਵਿੱਚ ਇਰਫ਼ਾਨ ਖ਼ਾਨ, ਰਿਚਾ ਚੱਡਾ, ਦੀਆ ਮਿਰਜ਼ਾ, ਉਰਵਸ਼ੀ ਰੌਤੇਲਾ ਤੇ ਮੁਮਮੁਨ ਦੱਤ ਨੇ ਆਪਣੇ ਨਾਲ ਹੋਈਆਂ ਘਟਨਾਵਾਂ ਦੇ ਬਾਰੇ ਦੱਸਿਆ ਹੈ।