ਵਾਰਾਣਸੀ: ਫਿਲਮ ਅਭਿਨੇਤਾ ਕਮਲ ਹਾਸਨ ਦੇ ਵਿਵਾਦਤ ਬਿਆਨ ਨੂੰ ਲੈ ਕੇ ਵਾਰਾਣਸੀ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ 'ਤੇ 22 ਨਵੰਬਰ ਨੂੰ ਸੁਣਵਾਈ ਹੋਵੇਗੀ। ਅਦਾਲਤ ਨੇ ਸ਼ਨੀਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਉਸ ਨੂੰ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਬਿਆਨ ਲਈ ਅਗਲੀ ਤਾਰੀਕ 22 ਨਵੰਬਰ ਮਿਥੀ ਗਈ ਹੈ।
ਇਹ ਪਟੀਸ਼ਨ ਸ਼ਿਵਪੁਰ ਦੇ ਖੁਸ਼ਹਾਲ ਨਗਰ ਨਿਵਾਸੀ ਕਮਲੇਸ਼ ਚੰਦ ਤ੍ਰਿਪਾਠੀ ਵੱਲੋਂ ਦਾਖਲ ਕੀਤੀ ਗਈ ਹੈ। ਪਟੀਸ਼ਨ 'ਚ ਅਭਿਨੇਤਾ ਕਮਲ ਹਾਸਨ 'ਤੇ ਇਲਜ਼ਾਮ ਲਾਇਆ ਗਿਆ ਹੈ ਕਿ ਫਿਲਮਾਂ ਤੋਂ ਰਾਜਨੀਤੀ 'ਚ ਆਉਣ ਦੀ ਤਿਆਰੀ ਕਰ ਰਹੇ ਤਮਿਲ ਫਿਲਮ ਅਭਿਨੇਤਾ ਨੇ ਤਮਿਲ ਮੈਗਜ਼ੀਨ 'ਚ ਆਪਣੇ ਕਾਲਮ 'ਚ ਹਿੰਦੂ ਅੱਤਵਾਦ ਬਾਰੇ ਲਿਖਿਆ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਅਭਿਨੇਤਾ ਨੇ ਹਿੰਦੂ ਸੰਗਠਨਾਂ ਨੂੰ ਕੱਟੜਪੰਥੀ ਲਿਖਦੇ ਹੋਏ ਅੱਤਵਾਦੀਆਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ ਹੈ। ਅਭਿਨੇਤਾ ਨੇ ਹਿੰਦੂਆਂ ਨੂੰ ਹਿੰਸਕ ਵੀ ਦੱਸਿਆ ਹੈ।
ਪਿੱਛੇ ਜਿਹੇ ਕਮਲ ਨੇ ਕਿਸਾਨਾਂ ਦੇ ਇੱਕ ਸਮੂਹ ਨਾਲ ਗੱਲਬਾਤ ਦੌਰਾਨ ਕਿਹਾ ਸੀ, "ਜੇਕਰ ਅਸੀਂ ਉਨ੍ਹਾਂ 'ਤੇ ਸਵਾਲ ਚੁੱਕਦੇ ਹਾਂ ਤਾਂ ਉਹ ਸਾਨੂੰ ਰਾਸ਼ਟਰ-ਵਿਰੋਧੀ ਦੱਸਦੇ ਹਨ ਤੇ ਜੇਲ੍ਹ ਭੇਜਣਾ ਚਾਹੁੰਦੇ ਹਨ। ਹੁਣ ਜੇਲ੍ਹਾਂ 'ਚ ਕੋਈ ਥਾਂ ਖਾਲੀ ਨਹੀਂ। ਇਸ ਲਈ ਉਹ ਸਾਨੂੰ ਗੋਲੀ ਮਾਰ ਕੇ ਖਤਮ ਕਰਨਾ ਚਾਹੁੰਦੇ ਹਨ।"