ਮੁੰਬਈ: ਫ਼ਿਲਮ ਜਗਤ ਦੇ ਵੱਡੇ ਅਦਾਕਾਰ ਕਮਲ ਹਾਸਨ ਨੇ ਵੱਡਾ ਬਿਆਨ ਦੇ ਕੇ ਭਾਰਤੀ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ। ਕਮਲ ਹਾਸਨ ਨੇ ਇਲਜ਼ਾਮ ਲਾਇਆ ਕਿ ਹਿੰਦੂ ਕੱਟੜਪੰਥੀ ਅੱਤਵਾਦ ਵਿੱਚ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਗੱਲਬਾਤ ਵਿੱਚ ਯਕੀਨ ਕਰਦੇ ਸੀ ਪਰ ਹੁਣ ਉਹ ਹਿੰਸਾ ਵਿੱਚ ਸ਼ਾਮਲ ਹਨ।

ਉਨ੍ਹਾਂ ਦਾ ਇਹ ਬਿਆਨ ਦੇਸ਼ ਵਿੱਚ ਨਵੀਂ ਸਿਆਸੀ ਜੰਗ ਦਾ ਆਗ਼ਾਜ਼ ਕਰ ਸਕਦਾ ਹੈ। ਇਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਮਲ ਹਾਸਨ ਦੇ ਬਿਆਨ ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਨੈਤਿਕ ਤੌਰ 'ਤੇ ਭ੍ਰਿਸ਼ਟਾਚਾਰੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਹਿੰਦੂ ਅੱਤਵਾਦ ਦੇ ਕੋਈ ਸਬੂਤ ਨਹੀਂ ਮਿਲੇ।

ਦਰਅਸਲ ਕਮਲ ਹਾਸਨ ਨੇ ਤਮਿਲ ਹਫ਼ਤਾਵਰੀ ਰਸਾਲੇ ਆਨੰਦਾ ਵਿਕਟਨ ਵਿੱਚ ਲਿਖੇ ਲੇਖ ਰਾਹੀਂ ਹਿੰਦੂ ਕੱਟੜਪੰਥੀਆਂ 'ਤੇ ਅੱਤਵਾਦ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ। ਉਨ੍ਹਾਂ ਲਿਖਿਆ, "ਕੋਈ ਨਹੀਂ ਕਹਿ ਸਕਦਾ ਕਿ ਹਿੰਦੂ ਅੱਤਵਾਦ ਦਾ ਵਜ਼ੂਦ ਨਹੀਂ। ਹਿੰਦੂ ਕੱਟੜਪੰਥੀ ਪਹਿਲਾਂ ਗੱਲਬਾਤ ਵਿੱਚ ਯਕੀਨ ਰੱਖਦੇ ਸੀ ਪਰ ਹੁਣ ਇਹ ਹਿੰਸਾ ਵਿੱਚ ਸ਼ਾਮਲ ਹਨ। ਲੋਕਾਂ ਦੀ ਸਤਿਆਮੇਵ ਜਯਤੇ ਵਿੱਚ ਆਸਥਾ ਖ਼ਤਮ ਹੋ ਚੁੱਕੀ ਹੈ। ਰਾਈਟ ਵਿੰਗ ਨੇ ਹੁਣ ਮਸਲ ਪਾਵਰ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੱਤਾ ਹੈ। ਹਿੰਦੂ ਕੈਂਪਾਂ ਵਿੱਚ ਅੱਤਵਾਦ ਵੜ ਚੁੱਕਾ ਹੈ।"

ਦਰਅਸਲ ਕਮਲ ਹਾਸਨ ਵੱਲੋਂ ਰਾਜਨੀਤਕ ਦਲ ਦੇ ਗਠਨ ਦੀ ਕਾਫੀ ਚਰਚਾ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਤੇ ਕੇਰਲ ਦੀ ਕਮਿਊਨਿਸਟ ਪਾਰਟੀ ਨਾਲ ਵੀ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਪਰ ਉਨ੍ਹਾਂ ਦੇ ਹਾਲੀਆ ਬਿਆਨ ਤੋਂ ਇਹ ਸਪਸ਼ਟ ਹੈ ਕਿ ਉਨ੍ਹਾਂ ਦੀ ਭਾਜਪਾ ਵਿੱਚ ਜਾਣ ਲਈ ਬਿਲਕੁਲ ਵੀ ਇੱਛਾ ਨਹੀਂ ਹੈ।

ਹਾਲ ਹੀ ਵਿੱਚ ਉਨ੍ਹਾਂ ਮੋਦੀ ਸਰਕਾਰ ਦੀ ਕਈ ਵਾਰ ਆਲੋਚਨਾ ਕੀਤੀ ਹੈ। ਉਹ ਕੇਂਦਰ ਸਰਕਾਰ ਦੀ ਆਰਥਿਕ ਨੀਤੀਆ ਨਾਲ ਸਹਿਮਤ ਨਹੀਂ। ਇਸ ਲਈ ਨੋਟਬੰਦੀ ਤੇ ਜੀ.ਐਸ.ਟੀ. ਨੂੰ ਉਹ ਇੱਕ ਗ਼ਲਤ ਕਦਮ ਕਰਾਰ ਦੇ ਚੁੱਕੇ ਹਨ। ਹਾਲਾਂਕਿ, ਨੋਟਬੰਦੀ ਸਮੇਂ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ ਸੀ ਪਰ ਇਸ ਦੇ ਨਤੀਜੇ ਜਾਣਨ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਬੇਹੱਦ ਗ਼ਲਤ ਕਦਮ ਵੀ ਕਰਾਰ ਦਿੱਤਾ ਹੈ। ਇਨ੍ਹਾਂ ਸਾਰਿਆਂ ਦੇ ਦਰਮਿਆਨ ਉਨ੍ਹਾਂ ਹਿੰਦੂ ਅੱਤਵਾਦ 'ਤੇ ਵੀ ਇੱਕ ਬਿਆਨ ਦੇ ਕੇ ਨਵੀਂ ਬਹਿਸ ਛੇੜ ਦਿੱਤੀ ਹੈ।