ਨਵੀਂ ਦਿੱਲੀ: ਸੁਪਰਸਟਾਰ ਪ੍ਰਿਅੰਕਾ ਚੋਪੜਾ ਫੋਰਬਸ ਦੀ ਦੁਨੀਆ ਦੀਆਂ 100 ਸਭ ਤੋਂ ਵੱਧ ਤਾਕਤਵਰ ਔਰਤਾਂ ਦੀ ਲਿਸਟ 'ਚ ਸ਼ਾਮਲ ਹੋ ਗਈ ਹੈ। ਫੋਰਬਸ ਨੇ ਪ੍ਰਿਅੰਕਾ ਨੂੰ ਮਨੋਰੰਜਨ ਤੇ ਮੀਡੀਆ ਦੇ ਖੇਤਰ 'ਚ ਤਾਕਤਵਰ ਔਰਤਾਂ ਦੀ ਲਿਸਟ 'ਚ 15ਵੇਂ ਨੰਬਰ 'ਤੇ ਰੱਖਿਆ ਹੈ। ਇਸ ਸੂਚੀ 'ਚ ਪੌਪ ਕਵੀਨ ਬਿਓਂਸ ਚੌਥੇ ਨੰਬਰ 'ਤੇ ਹੈ। ਗਾਇਕ ਟੇਲਰ ਸਵਿਫਟ 12ਵੇਂ ਤੇ ਹੈਰੀ ਪੌਟਰ ਦੀ ਲੇਖਕ ਜੇਕੇ ਰੋਲਿੰਗ 13ਵੇਂ ਨੰਬਰ 'ਤੇ ਹੈ।


ਉੱਥੇ ਪ੍ਰਿਅੰਕਾ ਫੋਰਬਸ ਦੀ ਸਾਰੀਆਂ ਸ਼੍ਰੇਣੀਆਂ 'ਚ 97ਵੇਂ ਨੰਬਰ 'ਤੇ ਹੈ। ਇਸ 'ਚ ਜਰਮਨੀ ਦੀ ਚਾਂਸਲਰ ਪਹਿਲੇ ਨੰਬਰ 'ਤੇ ਹੈ। ਬਿਉਂਸ 50ਵੇਂ ਤੇ ਟੇਲਰ 85ਵੇਂ ਨੰਬਰ 'ਤੇ ਹੈ। ਖਾਸ ਗੱਲ ਇਹ ਹੈ ਕਿ ਪ੍ਰਿਅੰਕਾ ਦੀ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੁੜੀ ਇਵਾਂਕਾ ਟਰੰਪ ਨੇ ਵੀ ਫੋਰਬਸ ਦੀ 100 ਸਭ ਤੋਂ ਵੱਧ ਤਾਕਤਵਰ ਔਰਤਾਂ ਦੀ ਲਿਸਟ 'ਚ ਐਂਟਰੀ ਮਾਰੀ ਹੈ।

ਆਪਣੀ ਅਦਾਕਾਰੀ ਤੋਂ ਇਲਾਵਾ ਪ੍ਰਿਅੰਕਾ ਯੂਨੀਸੈਫ ਦੀ ਗੁਡਵਿੱਲ ਅੰਬੈਸਡਰ ਦੇ ਰੂਪ 'ਚ ਯੋਗਦਾਨ ਲਈ ਜਾਣਾ ਜਾਂਦੀ ਹੈ। ਪ੍ਰਿਅੰਕਾ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁਡ 'ਚ ਵੀ ਆਪਣੀ ਪਛਾਣ ਬਣਾਈ ਹੈ। ਫੋਰਬਸ ਨੇ ਆਪਣੇ ਨਵੇਂ ਪਰਚੇ 'ਚ ਪ੍ਰਿਅੰਕਾ ਦੇ ਅਮਰੀਕੀ ਟੈਲੀਵਿਜ਼ਨ ਸ਼ੋਅ 'ਕਵਾਂਟਿਕੋ' ਦੀ ਬੜੀ ਤਾਰੀਫ ਕੀਤੀ।

ਫੋਰਬਸ ਨੇ ਲਿਖਿਆ, "ਪ੍ਰਿਅੰਕਾ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਪੁੱਜਣ ਵਾਲੀ ਇੱਕ ਕਾਮਯਾਬ ਹੈਰੋਇਨ ਹੈ। ਪ੍ਰਿਅੰਕਾ ਕਿਸੇ ਅਮਰੀਕੀ ਟੈਲੀਵਿਜ਼ਨ 'ਚ ਕੰਮ ਕਰਨ ਵਾਲੀ ਪਹਿਲੀ ਭਾਰਤੀ ਹੈਰੋਇਨ ਵੀ ਹੈ। ਪ੍ਰਿਅੰਕਾ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟੀਵੀ ਹੈਰੋਇਨਾਂ ਦੀ ਲਿਸਟ 'ਚ 8ਵੇਂ ਨੰਬਰ 'ਤੇ ਪੁੱਜ ਗਈ ਹੈ। ਪਿਛਲੇ ਸਾਲ ਪ੍ਰਿਅੰਕਾ ਇਸ ਲਿਸਟ 'ਚ 10ਵੇਂ ਨੰਬਰ 'ਤੇ ਸੀ।