ਚੇਨਈ: ਅਭਿਨੇਤਾ ਕਮਲ ਹਾਸਨ ਨੇ ਸ਼ਨੀਵਾਰ ਨੂੰ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜੋ ਲੋਕ ਆਲੋਚਨਾ ਦੇ ਸਾਹਮਣੇ ਖੜ੍ਹੇ ਨਹੀਂ ਹੋ ਸਕਦੇ, ਹੁਣ ਉਹ ਉਨ੍ਹਾਂ ਦੀ ਜਾਨ ਲੈਣਾ ਚਾਹੁੰਦੇ ਹਨ। ਕਮਲ ਨੇ ਕਿਸਾਨਾਂ ਦੇ ਇੱਕ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਉਨ੍ਹਾਂ 'ਤੇ ਸਵਾਲ ਉਡਾਉਂਦੇ ਹਾਂ ਤਾਂ ਉਹ ਸਾਨੂੰ ਦੇਸ਼-ਵਿਰੋਧੀ ਕਰਾਰ ਦਿੰਦੇ ਹਨ ਤੇ ਜੇਲ੍ਹ ਵਿੱਚ ਭੇਜਣਾ ਚਾਉਂਦੇ ਹਨ। ਹੁਣ ਕਿਉਂਕਿ ਜੇਲ੍ਹਾਂ ਵਿੱਚ ਤਾਂ ਕੋਈ ਜਗ੍ਹਾ ਖਾਲੀ ਨਹੀਂ, ਇਸ ਲਈ ਉਹ ਸਾਨੂੰ ਗੋਲੀ ਮਾਰ ਕੇ ਖ਼ਤਮ ਕਰਨਾ ਚਾਹੁੰਦੇ ਹਨ।


ਉਨ੍ਹਾਂ ਨੇ ਇਹ ਗੱਲਾਂ ਅਖਿਲ ਭਾਰਤੀ ਹਿੰਦੂ ਮਹਾਂਸਭਾ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ ਦੇ ਬਿਆਨ ਤੇ ਪ੍ਰਤੀਕ੍ਰਿਆ ਵਿੱਚ ਕਹੀ। ਸ਼ਰਮਾ ਨੇ ਹਾਸਨ ਦੇ ਹਿੰਦੂ ਅੱਤਵਾਦੀ ਵਾਲੇ ਬਿਆਨ ਬਾਰੇ ਕਿਹਾ ਸੀ ਕਿ ਉਨ੍ਹਾਂ ਵਰਗੇ ਲੋਕਾਂ ਦੀ ਗੋਲੀ ਮਾਰ ਕੇ ਜਾਨ ਲੈ ਲੈਣੀ ਚਾਹੀਦੀ ਹੈ। ਦਰਅਸਲ ਆਖਿਲ ਭਾਰਤੀ ਹਿੰਦੂ ਮਹਾਂਸਭਾ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ ਨੇ ਸਾਊਥ ਸੁਪਰ ਸਟਾਰ ਦੇ ਹਿੰਦੂ ਅੱਤਵਾਦੀ ਵਾਲੇ ਬਿਆਨ ਬਾਰੇ ਕਿਹਾ ਸੀ ਕਿ ਉਨ੍ਹਾਂ ਵਰਗੇ ਲੋਕਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।

ਕਮਲ ਹਾਸਨ ਨੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਕੋਈ ਨਹੀਂ ਕਹਿ ਸਕਦਾ ਕਿ ਹਿੰਦੂ ਅੱਤਵਾਦ ਦਾ ਵਜੂਦ ਨਹੀਂ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਦੱਖਣਪੰਥੀ ਵਿਚਾਰਧਾਰਾ ਨੂੰ ਮੰਨਣ ਵਾਲੇ ਹਿੰਸਾ ਵਿੱਚ ਸ਼ਾਮਲ ਹਨ ਤੇ ਹਿੰਦੂ ਕੈਂਪਾਂ ਵਿੱਚ ਅੱਤਵਾਦ ਦਾਖਲ ਹੋ ਚੁੱਕਾ ਹੈ। ਵਿਰੋਧੀਆਂ ਨਾਲ ਨਿਪਟਣ ਲਈ ਉਹ ਹਥਿਆਰਾਂ ਦਾ ਸਹਾਰਾ ਲੈਂਦੇ ਸਨ ਪਰ ਉਹ ਆਪਣੀ ਗੱਲਬਾਤ ਮਨਵਾਉਣ ਲਈ ਬਲ ਦੀ ਵਰਤੋਂ ਕਰਦੇ ਹਨ। ਅਭਿਨੇਤਾ ਨੇ ਇਹ ਵੀ ਲਿਖਿਆ ਹੈ ਕਿ ਦੱਖਣਪੰਥੀ ਹੁਣ ਹਿੰਸਕ ਹੋ ਗਏ ਹਨ। ਇੱਥੋਂ ਹੀ ਸ਼ੁਰੂ ਹੋਏ ਇਸ ਵਿਵਾਦ ਵਿੱਚ ਇਲਜ਼ਾਮਬਾਜ਼ੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲਈ ਰਿਹਾ।