ਮੁੰਬਈ- ਮਿਊਂਸਪਲ ਸਕੂਲਾਂ ਦੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਬੀ ਐੱਮ ਸੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖ ਕੇ ਟੀਚਰਾਂ ਨੂੰ ਇਨਾਮ ਦੇਵੇਗੀ ਜਾਂ ਜੁਰਮਾਨਾ ਲਗਾਵੇਗੀ। ਜੇ ਸੂਬੇ ਵੱਲੋਂ ਮਿਥੇ ਗਏ ਪੱਧਰ ਨੂੰ ਵਿਦਿਆਰਥੀ ਪੂਰਾ ਨਹੀਂ ਕਰਦੇ ਤਾਂ ਟੀਚਰਾਂ ਨੂੰ 2000 ਰੁਪਏ ਜੁਰਮਾਨਾ ਅਦਾ ਕਰਨਾ ਹੋਵੇਗਾ ਜਾਂ ਉਨ੍ਹਾਂ ਦੀਆਂ ਸਾਲਾਨਾ ਤਰੱਕੀਆਂ ਨਹੀਂ ਲਗਾਈਆਂ ਜਾਣਗੀਆਂ।


ਹਾਲ ਹੀ ਵਿੱਚ ਬੀ ਐੱਮ ਸੀ (ਮੁੰਬਈ ਮਿਉਂਸਪਲ ਕਾਰਪੋਰੇਸ਼ਨ) ਦੇ ਸਿਖਿਆ ਵਿਭਾਗ ਦੇ ਜਾਰੀ ਕੀਤੇ ਸਰਕੂਲਰ ਮੁਤਾਬਕ ਪ੍ਰਾਇਮਰੀ ਸੈਕਸ਼ਨ (ਕਲਾਸ ਇੱਕ ਤੋਂ 8ਵੀਂ ਤੱਕ) ਦੇ ਟੀਚਰਾਂ ਨੂੰ ‘ਸ਼ਾਲਾ ਸਿੱਧੀ ਪ੍ਰੋਗਰਾਮ’ ਹੇਠ ਇਸ ਗੱਲ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਵਿਦਿਆਰਥੀ 25 ਮੈਰਾਮੀਟਰ ਪੂਰਾ ਕਰਦੇ ਹਨ, ਜਿਨ੍ਹਾਂ ਵਿੱਚ ਕਲਾਸ ਦੀ ਹਾਜ਼ਰੀ, ਮੈਥ ‘ਚ ਸਕਿੱਲ ਭਾਸ਼ਾਵਾਂ ਅਤੇ ਸਕੂਲ ਦੇ ਇਨਫਰਾਸਟ੍ਰਕਚਰ ਆਦਿ ਸ਼ਾਮਲ ਹਨ।

ਜੇ ਇੱਕ ਵਿਦਿਆਰਥੀ ਸਾਰੇ ਪੈਰਾਮੀਟਰਜ਼ ਪੂਰਾ ਕਰਦਾ ਹੈ ਉਸ ਨੂੰ ਏ ਗ੍ਰੇਡ ਮਿਲਦਾ ਹੈ। ਇਸੇ ਤਰ੍ਹਾਂ ਸੈਕੰਡਰੀ ਸੈਕਸ਼ਨ (ਕਲਾਸ 9ਵੀਂ ਅਤੇ 10ਵੀਂ) ਦੇ ਟੀਚਰਾਂ ਨੂੰ ਕਲਾਸ ਦੀ ਸਫਲਤਾ ਦਰ ‘ਤੇ ਇਨਾਮ ਦਿੱਤਾ ਜਾਵੇਗਾ ਜਾਂ ਜੁਰਮਾਨਾ ਲਾਇਆ ਜਾਵੇਗਾ। ਜੇ ਵਿਦਿਆਰਥੀ ਘੱਟੋ ਘੱਟ 20 ਪੈਰਾਮੀਟਰਜ਼ ਪੂਰੇ ਕਰਦੇ ਹਨ ਜਾਂ ਸਫਲਤਾ ਦਰ ਨੱਬੇ ਫੀਸਦੀ ਹਾਸਲ ਕਰਦੇ ਹਨ ਤਾਂ ਬੀ ਐੱਮ ਸੀ ਦੇ ਮੇਅਰ ਵੱਲੋਂ ਸਰਟੀਫਿਕੇਟ ਅਤੇ ਕਾਰਗੁਜ਼ਾਰੀ ਦੇ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।