ਕੇਜਰੀਵਾਲ ਮੁੜ ਕਾਂਗਰਸ ਨਾਲ ਗਠਜੋੜ ਲਈ ਤਰਲੋ-ਮੱਛੀ...!
ਏਬੀਪੀ ਸਾਂਝਾ | 13 Mar 2019 04:40 PM (IST)
ਨਵੀਂ ਦਿੱਲੀ: ਕਈ ਵਾਰ ਨਾਂਹ ਸੁਣਨ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਮਨਚਲੇ ਪ੍ਰੇਮੀ ਵਾਂਗ ਗਠਜੋੜ ਰੂਪੀ ਪ੍ਰੇਮਿਕਾ ਨੂੰ ਪਾਉਣ 'ਤੇ ਤੁਲੇ ਹੋਏ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਪਰ ਇਸ ਵਾਰ ਸ਼ਰ੍ਹੇਆਮ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਕਾਂਗਰਸ ਨੂੰ ਉਨ੍ਹਾਂ ਨਾਲ ਗਠਜੋੜ ਕਰਨਾ ਚਾਹੀਦਾ ਹੈ। ਕੇਜਰੀਵਾਲ ਨੇ ਰਾਹੁਲ ਨੂੰ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਇਹ ਅਪੀਲ ਕੀਤੀ ਹੈ। ਸੂਬਾ ਦਰ ਸੂਬਾ ਸਥਾਨਕ ਲੀਡਰਾਂ ਵੱਲੋਂ ਨੰਨਾ ਪਾਉਣ ਮਗਰੋਂ 'ਆਪ' ਦੇ ਕੌਮੀ ਕਨਵੀਨਰ ਹੁਣ ਹਰਿਆਣਾ ਵਿੱਚ ਕਾਂਗਰਸ ਨਾਲ ਪੇਚਾ ਪਾਉਣ ਲੱਗੇ ਹੋਏ ਹਨ। ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਦੇਸ਼ ਦੇ ਲੋਕ ਅਮਿਤ ਸ਼ਾਹ ਤੇ ਮੋਦੀ ਜੀ ਦੀ ਜੋੜੀ ਨੂੰ ਹਰਾਉਣਾ ਚਾਹੁੰਦੇ ਹਨ। ਜੇਕਰ ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ (ਜੇਜੇਪੀ), 'ਆਪ' ਤੇ ਕਾਂਗਰਸ ਇਕੱਠੇ ਲੜਦੇ ਹਨ ਤਾਂ ਲੋਕ ਸਭਾ ਦੀਆਂ 10 ਸੀਟਾਂ ਜਿੱਤ ਸਕਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ 'ਆਪ' ਦੀ ਕਾਂਗਰਸ ਨਾਲ ਗਠਜੋੜ ਕਰਨ ਵਾਲੀ ਡੋਰ ਟੁੱਟਣ ਮਗਰੋਂ ਦਿੱਲੀ ਵਿੱਚ ਵੀ ਦੋਵੇਂ ਪਾਰਟੀਆਂ ਇੱਕੋ ਮੰਚ 'ਤੇ ਇਕੱਠੀਆਂ ਨਾ ਹੋ ਸਕੀਆਂ। ਹੁਣ ਕੇਜਰੀਵਾਲ ਹਰਿਆਣਾ ਵਿੱਚ ਗਠਜੋੜ ਲਈ ਰਾਹੁਲ ਗਾਂਧੀ ਦੇ ਬਾਦ ਪੈ ਗਏ ਹਨ। ਜ਼ਿਕਰਯੋਗ ਹੈ ਕਿ ਹਾਲੀਆ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੇ ਹਰਿਆਣਾ ਵਿੱਚ 'ਆਪ' ਦੀ ਹਾਲਤ ਬੇਹੱਦ ਪਤਲੀ ਹੋਣ ਵਾਲੀ ਹੈ। ਹੋ ਸਕਦਾ ਹੈ ਪਾਰਟੀ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ। ਹਰਿਆਣਾ ਵਿੱਚ ਕਾਂਗਰਸ ਦਾ ਵੀ ਇਹੋ ਹਸ਼ਰ ਹੋਣ ਦਾ ਅੰਦਾਜ਼ਾ ਹੈ। ਇਸ ਲਈ ਕੇਜਰੀਵਾਲ ਵੀ ਰਾਹੁਲ 'ਤੇ ਜਨਤਕ ਮੰਚ 'ਤੇ ਦਬਾਅ ਪਾ ਰਹੇ ਹਨ। ਪਰ ਹੁਣ ਦੇਖਣਾ ਹੋਵੇਗਾ ਕਿ ਕੀ ਇਸ ਵਾਰ ਇਹ ਗਠਜੋੜ ਸਿਰੇ ਚੜ੍ਹ ਸਕਦਾ ਹੈ ਕਿ ਨਾ।