ਨਵੀਂ ਦਿੱਲੀ: ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਜਲਦ ਐਲਾਨ ਕਰ ਸਕਦੀਆਂ ਹਨ। ਇਸ ਸਭ ਦਰਮਿਆਨ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖਿਆ ਜਾ ਰਿਹਾ ਹੈ, ਜਦਕਿ ਭਾਜਪਾ ਵੱਲੋਂ ਮੁੱਖ ਮੰਤਰੀ ਵਜੋਂ ਕਿਸੇ ਵੀ ਉਮੀਦਵਾਰ ਦਾ ਨਾਂ ਨਹੀਂ ਐਲਾਨਿਆ ਜਾਵੇਗਾ।


ਇਹ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉੱਧਰ ਭਾਜਪਾ ਸਾਂਸਦ ਪ੍ਰਵੇਸ਼ ਵਰਮਾ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਉਮੀਦਵਾਰ ਮੰਨੇ ਜਾ ਰਹੇ ਹਨ। ਇਸ ਦੇ ਨਾਲ ਹੀ ਭਾਜਪਾ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ ਤੇ ਕੰਮਾਂ ਨੂੰ ਮੁੱਖ ਰੱਖ ਕੇ ਵਿਧਾਨ ਸਭਾ ਚੋਣਾਂ ਲੜੇਗੀ। ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ 14 ਜਨਵਰੀ ਨੂੰ ਐਲਾਨੀ ਜਾ ਸਕਦੀ ਹੈ। ਇਸ ਵਾਰ ਭਾਜਪਾ ਜਿੱਤੇ ਹੋਏ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰ ਸਕਦੀ ਹੈ।

ਗੌਰਤਲਬ ਹੈ ਕਿ 6 ਜਨਵਰੀ ਨੂੰ ਚੋਣ ਕਮਿਸ਼ਨ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਸੀ। 8 ਫਰਵਰੀ ਨੂੰ 70 ਸੀਟਾਂ ਨੂੰ ਲੈ ਕੇ ਚੋਣਾਂ ਹੋਣਗੀਆਂ, ਜਦਕਿ 11 ਫਰਵਰੀ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਕਰੀਬ ਡੇਢ ਕਰੋੜ ਵੋਟਰ ਦਿੱਲੀ ਦੇ ਅਗਲੇ ਮੁੱਖ ਮੰਤਰੀ ਦੀ ਚੋਣ ਕਰਨਗੇ।