ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2019 ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਨ ਦੀ ਰਣਨੀਤੀ ਬਣਾ ਰਹੇ ਵਿਰੋਧੀ ਧਿਰ ਨੂੰ ਕਰਾਰਾ ਝਟਕਾ ਦਿੱਤਾ ਹੈ। ਦਰਅਸਲ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਮਹਾਂਗਠਜੋੜ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਮਹਾਂਗਠਜੋੜ 'ਚ ਸ਼ਾਮਲ ਹੋਣ ਵਾਲੀਆਂ ਪਾਰਟੀਆਂ ਦੀ ਦੇਸ਼ ਦੇ ਵਿਕਾਸ 'ਚ ਕੋਈ ਭੂਮਿਕਾ ਨਹੀਂ।


ਰੋਹਤਕ ਪਹੁੰਚੇ ਕੇਜਰੀਵਾਲ ਨੇ ਕਿਹਾ, "ਗਠਜੋੜ ਦੀ ਰਾਜਨੀਤੀ ਮੇਰੇ ਲਈ ਮਾਇਨੇ ਨਹੀਂ ਰੱਖਦੀ। ਮੇਰੇ ਲਈ ਜਨਤਾ ਤੇ ਦੇਸ਼ ਦਾ ਵਿਕਾਸ ਰਾਜਨੀਤੀ ਹੈ।" ਉਨ੍ਹਾਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਪਿਛਲੇ ਤਿੰਨ ਸਾਲਾਂ 'ਚ ਕੀਤਾ, ਇਹ ਪਾਰਟੀਆਂ ਪਿਛਲੇ 70 ਸਾਲਾਂ 'ਚ ਨਹੀਂ ਕਰ ਸਕੀਆਂ।


ਬੀਜੇਪੀ 'ਤੇ ਦੋਸ਼ ਲਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਬੀਜੇਪੀ ਧਰਮ ਦੇ ਨਾਂ 'ਤੇ ਸਿਰਫ ਦਿਖਾਵਾ ਕਰ ਰਹੀ ਹੈ ਜਦਕਿ ਪਾਰਟੀ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਕੋਈ ਵਾਹ-ਵਾਸਤਾ ਨਹੀਂ। ਕੇਜਰੀਵਾਲ ਨੇ ਹਰਿਆਣੇ ਦੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡੇ ਤੋਂ ਸਿੱਖ ਲਓ ਵਿਕਾਸ ਕਿਵੇਂ ਹੁੰਦਾ ਹੈ।




ਇਸ ਤੋਂ ਪਹਿਲਾਂ ਬੁੱਧਾਵਰ ਨੂੰ ਰਾਜ ਸਭਾ 'ਚ ਹੋਈ ਉਪ-ਸਭਾਪਤੀ ਚੋਣ 'ਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੋਟ ਨਹੀਂ ਕੀਤੀ। 'ਆਪ' ਨੇਤਾ ਸੰਜੇ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਨੂੰ ਗਲੇ ਲਾ ਸਕਦੇ ਹਨ ਪਰ ਆਪਣੀ ਪਾਰਟੀ ਦੇ ਸਮਰਥਨ ਲਈ ਕੇਜਰੀਵਾਲ ਨੂੰ ਇੱਕ ਫੋਨ ਨਹੀਂ ਕਰ ਸਕਦੇ।

ਸੰਜੇ ਸਿੰਘ ਨੇ ਸਾਫ ਕੀਤਾ ਕਿ ਵਿਰੋਧੀ ਏਕਤਾ 'ਚ ਸਭ ਤੋਂ ਵੱਡਾ ਰੋੜਾ ਕਾਂਗਰਸ ਹੈ। ਉਨ੍ਹਾਂ ਟਵੀਟ ਕਰਦਿਆਂ ਦੱਸਿਆ ਕਿ ਨਿਤਿਸ਼ ਕੁਮਾਰ ਨੇ ਕੇਜਰੀਵਾਲ ਨੂੰ ਫੋਨ ਕਰਕੇ ਆਪਣੇ ਉਮੀਦਵਾਰ ਲਈ ਸਮਰਥਨ ਮੰਗਿਆ ਪਰ ਬੀਜੇਪੀ ਭਾਈਵਾਲ ਜੇਡੀਯੂ ਦੇ ਉਮੀਦਵਾਰ ਨੂੰ ਵੋਟ ਦੇਣਾ ਸੰਭਵ ਨਹੀਂ ਸੀ।