Fireworks Accident in Kerala: ਕੇਰਲ ਦੇ ਕਾਸਰਗੋਡ ਜ਼ਿਲ੍ਹੇ ਦੇ ਨੀਲੇਸ਼ਵਰਮ ਵਿੱਚ ਸੋਮਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਪਟਾਕਿਆਂ ਨੂੰ ਅੱਗ ਲੱਗਣ ਤੋਂ ਬਾਅਦ ਹੋਏ ਧਮਾਕੇ ਕਾਰਨ ਕਰੀਬ 98 ਲੋਕ ਜ਼ਖਮੀ ਹੋ ਗਏ, ਜਦਕਿ 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਸੋਮਵਾਰ ਦੇਰ ਰਾਤ ਕੇਰਲ ਦੇ ਕਾਸਰਗੋਡ ਵਿੱਚ ਨੀਲੇਸ਼ਵਰਮ ਦੇ ਨੇੜੇ ਇੱਕ ਮੰਦਰ ਵਿੱਚ ਤਿਉਹਾਰ ਦੇ ਦੌਰਾਨ ਆਤਿਸ਼ਬਾਜ਼ੀ ਚਲਾਈ ਜਾ ਰਹੀ ਸੀ। ਉਦੋਂ ਹੀ ਇਹ ਘਟਨਾ ਵਾਪਰ ਗਈ ਅਤੇ ਲਗਭਗ 98 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਕਾਸਰਗੋਡ, ਕੰਨੂਰ ਅਤੇ ਮੰਗਲੁਰੂ ਦੇ ਵੱਖ-ਵੱਖ ਹਸਪਤਾਲਾਂ 'ਚ ਲਿਜਾਇਆ ਗਿਆ ਹੈ।
ਸ਼ੱਕ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਵੀਰਕਾਵੂ ਮੰਦਿਰ ਨੇੜੇ ਪਟਾਕਿਆਂ ਦੇ ਸਟੋਰੇਜ਼ ਵਿੱਚ ਅਚਾਨਕ ਅੱਗ ਲੱਗ ਗਈ। ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਸਥਾਨਕ ਮੀਡੀਆ ਨੇ ਦੱਸਿਆ ਕਿ ਕਨਹਾਨਗੜ੍ਹ ਜ਼ਿਲ੍ਹਾ ਹਸਪਤਾਲ 'ਚ ਦਾਖਲ ਪੰਜ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਾਤਰਭੂਮੀ ਅਖਬਾਰ ਨੇ ਦੱਸਿਆ ਕਿ 33 ਲੋਕਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 19 ਲੋਕਾਂ ਨੂੰ ਕਨਹਾਗੜ੍ਹ ਦੇ ਏਸ਼ਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਦਕਿ 12 ਨੂੰ ਅਰਿਮਾਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 40 ਲੋਕਾਂ ਨੂੰ ਸੰਜੀਵਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ 11 ਹੋਰਾਂ ਨੂੰ ਨੀਲੇਸ਼ਵਰ ਤਾਲੁਕ ਹਸਪਤਾਲ ਅਤੇ ਪੰਜ ਨੂੰ ਕੰਨੂਰ ਦੇ ਐਸਟਰ ਐਮਆਈਐਮਐਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਚਸ਼ਮਦੀਦਾਂ ਦੇ ਹਵਾਲੇ ਨਾਲ ਮਾਤਰਭੂਮੀ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕਾਸਰਗੋਡ ਜ਼ਿਲ੍ਹੇ ਦੇ ਨੀਲੇਸ਼ਵਰ 'ਚ ਮੂਲਮਕੁਝੀ ਚਾਮੁੰਡੀ ਥੇਯਮ ਤਿਉਹਾਰ ਚੱਲ ਰਿਹਾ ਸੀ। ਇਸ ਦੌਰਾਨ ਲੋਕ ਪਟਾਕੇ ਚਲਾ ਰਹੇ ਸਨ। ਆਤਿਸ਼ਬਾਜ਼ੀ ਦੌਰਾਨ ਵਿਸਫੋਟਕਾਂ ਨਾਲ ਇੱਕ ਪਟਾਕਾ ਸਟੋਰ ਦੀ ਬਿਲਡਿੰਗ ਵਿੱਚ ਡਿੱਗ ਗਿਆ। ਇਸ ਕਾਰਨ ਇਸ ਨੂੰ ਅੱਗ ਲੱਗ ਗਈ ਅਤੇ ਵਿਸਫੋਟਕ ਵਿੱਚ ਇਕ-ਇਕ ਕਰਕੇ ਧਮਾਕਾ ਹੋਣ ਲੱਗ ਪਿਆ। ਅੱਗ ਦੇ ਫੈਲਣ ਅਤੇ ਧਮਾਕੇ ਕਾਰਨ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।