ਕੋਝੀਕੋਡ: ਸ਼ੁੱਕਰਵਾਰ ਰਾਤ ਕੇਰਲ 'ਚ ਦਰਦਨਾਕ ਹਵਾਈ ਹਾਦਸਾ ਵਾਪਰਿਆ। ਜਿੱਥੇ ਏਅਰ ਇੰਡੀਆਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬਾਰਸ਼ ਕਾਰਨ ਜਹਾਜ਼ ਰਨਵੇਅ ਤੋਂ ਤਿਲਕ ਗਿਆ ਤੇ 35 ਫੁੱਟ ਡੂੰਘੀ ਖੱਢ 'ਚ ਜਾ ਡਿੱਗਾ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਕਰੀਬ ਸੱਤ ਵੱਜ ਕੇ 41 ਮਿੰਟ 'ਤੇ ਵਾਪਰਿਆ।


ਚੀਕਾਂ ਤੇ ਐਂਬੁਲੈਂਸ ਦੀਆਂ ਆਵਾਜ਼ਾਂ ਨਾਲ ਸਹਿਮੇ ਲੋਕ:


ਦੁਬਈ ਤੋਂ ਆ ਰਹੇ ਜਹਾਜ਼ ਦੇ ਹਾਦਸਾਗ੍ਰਸਤ ਹੋ ਨਾਲ ਚਾਰ ਚੁਫੇਰੇ ਚੀਕ-ਪੁਕਾਰ, ਖੂਨ ਨਾਲ ਲਿੱਬੜੇ ਕੱਪੜੇ, ਡਰੇ ਸਹਿਮੇ ਰੋਦੇਂ ਹੋਏ ਬੱਚੇ ਅਤੇ ਐਂਬੂਲੈਂਸ ਦੇ ਸਾਇਰਨ ਦੀਆਂ ਆਵਾਜ਼ਾਂ ਸਨ। ਬਾਰਸ਼ ਦਰਮਿਆਨ ਸਥਾਨਕ ਲੋਕਾਂ ਤੇ ਪੁਲਿਸ ਸਮੇਤ ਬਚਾਅ ਕਰਮੀਆਂ ਨੇ ਜਹਾਜ਼ 'ਚੋਂ ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਸ਼ੁਰੂ ਕੀਤੇ। ਜਹਾਜ਼ ਤੇਜ਼ ਆਵਾਜ਼ ਨਾਲ ਦੋ ਵੱਡੇ ਹਿੱਸਿਆ 'ਚ ਟੁੱਟ ਗਿਆ।


ਬਚਾਅ ਕਰਮੀਆਂ ਨੇ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਚਾਰ ਤੋਂ ਪੰਜ ਸਾਲ ਦੇ ਛੋਟੇ ਬੱਚੇ ਬਚਾਅ ਕਰਮੀਆਂ ਦੀ ਗੋਦ 'ਚ ਚਿਪਕੇ ਦਿਖਾਈ ਦਿੱਤੇ। ਯਾਤਰੀਆ ਦਾ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਤੇਜ਼ ਆਵਾਜ਼ਾਂ ਸੁਣ ਕੇ ਸਥਾਨਕ ਲੋਕ ਵੀ ਮਦਦ ਲਈ ਅੱਗੇ ਆਏ।


ਬਚਾਅ ਅਭਿਆਨ 'ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ 'ਜ਼ਖ਼ਮੀ ਪਾਇਲਟ ਨੂੰ ਜਹਾਜ਼ ਦਾ ਕੌਕਪਿਟ ਤੋੜ ਕੇ ਕੱਢਿਆ ਗਿਆ।' ਇਕ ਹੋਰ ਵਿਅਕਤੀ ਨੇ ਦੱਸਿਆ ਛੋਟੇ ਬੱਚੇ ਸੀਟਾਂ ਹੇਠ ਫਸੇ ਹੋਏ ਸਨ ਤੇ ਬਹੁਤ ਹੀ ਦੁਖਦਾਈ ਸੀ। ਬਹੁਤ ਲੋਕ ਜ਼ਖ਼ਮੀ ਸਨ। ਕਈਆਂ ਦੀ ਹਾਲਤ ਬਹੁਤ ਗੰਭੀਰ ਸੀ, ਕਿਸੇ ਦੇ ਪੈਰ ਟੁੱਟੇ ਸਨ। ਉਸ ਵਿਅਕਤੀ ਨੇ ਦੱਸਿਆ ਕਿ ਮੇਰੇ ਹੱਥ ਤੇ ਕੱਪੜੇ ਜ਼ਖ਼ਮੀਆਂ ਦੇ ਖੂਨ ਨਾਲ ਲਿੱਬੜੇ ਹੋਏ ਸਨ।


ਇਸ ਘਟਨਾ ਤੋਂ ਬਾਅਦ ਦੁਬਈ ਸਥਿਤ ਭਾਰਤ ਦੇ ਦੂਤਾਵਾਸ ਨੇ ਹੈਲਪਲਾਈਨ ਨੰਬਰ 056 546 3903, 054 309 0572, ਅਤੇ 054 309 0575 ਜਾਰੀ ਕੀਤੇ ਹਨ। ਇਨ੍ਹਾਂ ਨੰਬਰਾਂ ਤੇ ਕਾਲ ਕਰਕੇ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।


ਇਸ ਤਰ੍ਹਾਂ ਵਾਪਰਿਆ ਕੇਰਲ ਜਹਾਜ਼ ਹਾਦਸਾ, ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 17


ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਗਨੀਮਤ ਰਹੀ ਜੋ ਜਹਾਜ਼ ਨੂੰ ਅੱਗ ਨਹੀਂ ਲੱਗੀ ਨਹੀਂ ਤਾਂ ਜਾਨੀ ਨੁਕਾਸਨ ਹੋਰ ਜ਼ਿਆਦਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਹਾਦਸੇ ਦੀ ਜਾਂਚ ਲਈ ਦੋ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ