Kerala News:ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿੱਚ 100 ਤੋਂ ਵੱਧ ਲੋਕ ਫਸੇ ਹੋਏ ਹਨ। ਲੋਕਾਂ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਕਰੀਬ 2 ਵਜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਸਵੇਰੇ ਕਰੀਬ 4.10 ਵਜੇ ਇਕ ਹੋਰ ਲੈਡਸਲਾਈਡਿੰਗ ਦੀ ਖ਼ਬਰ ਸਾਹਮਣੇ ਆਈ। ਨਿਊਜ਼ ਏਜੰਸੀ ਮੁਤਾਬਕ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
16 ਲੋਕ ਹਸਪਤਾਲ 'ਚ ਭਰਤੀ
ਜ਼ਮੀਨ ਖਿਸਕਣ ਕਾਰਨ ਜ਼ਖਮੀ ਹੋਏ 16 ਲੋਕਾਂ ਨੂੰ ਵਾਇਨਾਡ ਦੇ ਮੇਪਾਡੀ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਵੀ ਇਸ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵਾਇਨਾਡ 'ਚ ਜ਼ਮੀਨ ਖਿਸਕਣ ਤੋਂ ਬਾਅਦ ਹਰ ਸੰਭਵ ਬਚਾਅ ਕਾਰਜਾਂ ਦਾ ਤਾਲਮੇਲ ਕੀਤਾ ਜਾਵੇਗਾ, ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ, ਸਰਕਾਰੀ ਤੰਤਰ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਸੂਬੇ ਦੀਆਂ ਸਾਰੀਆਂ ਸਰਕਾਰੀ ਏਜੰਸੀਆਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ। ਅੱਜ ਸੂਬੇ ਦੇ ਮੰਤਰੀ ਘਟਨਾ ਸਥਾਨ ਦਾ ਦੌਰਾ ਕਰ ਸਕਦੇ ਹਨ।
ਖੇਤਰ ਦੇ ਸੀਐਮਓ ਅਨੁਸਾਰ ਵਾਇਨਾਡ ਵਿੱਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਰਾਸ਼ਟਰੀ ਸਿਹਤ ਮਿਸ਼ਨ ਨੇ ਇੱਥੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਐਮਰਜੈਂਸੀ ਸਹਾਇਤਾ ਲਈ ਹੈਲਪਲਾਈਨ ਨੰਬਰ 9656938689 ਅਤੇ 8086010833 ਵੀ ਜਾਰੀ ਕੀਤੇ ਗਏ ਹਨ। ਹਵਾਈ ਸੈਨਾ ਦੇ ਦੋ ਹੈਲੀਕਾਪਟਰ Mi-17 ਅਤੇ ਇੱਕ ALH ਨੂੰ ਸਵੇਰੇ 7.30 ਵਜੇ ਤਾਮਿਲਨਾਡੂ ਦੇ ਸੁਲੂਰ ਤੋਂ ਰਵਾਨਾ ਕੀਤਾ ਜਾਵੇਗਾ।
ਜ਼ਮੀਨ ਖਿਸਕਣ ਤੋਂ ਬਾਅਦ, ਸੀਐਮਓ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜ਼ਮੀਨ ਖਿਸਕਣ ਦੇ ਮੱਦੇਨਜ਼ਰ, ਥਾਮਰਸੇਰੀ ਦਰਰੇ ਵਿੱਚ ਜ਼ਰੂਰੀ ਵਾਹਨਾਂ ਤੋਂ ਇਲਾਵਾ ਹੋਰ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਰਿਆਂ ਨੂੰ ਰਾਹ ਪੱਧਰਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਤਾਂ ਜੋ ਦਰਰੇ 'ਚ ਟ੍ਰੈਫਿਕ ਜਾਮ ਨਾ ਹੋਵੇ ਅਤੇ ਬਚਾਅ ਸਮੱਗਰੀ ਮੁੰਦਕਈ ਤੱਕ ਪਹੁੰਚਾਈ ਜਾ ਸਕੇ।
ਤੁਹਾਨੂੰ ਦੱਸ ਦਈਏ ਕਿ ਵਾਇਨਾਡ ਕਾਂਗਰਸ ਦੇ ਦਿੱਗਜ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਲੋਕ ਸਭਾ ਹਲਕਾ ਰਿਹਾ ਹੈ। ਇਸ ਸਾਲ (2024) ਵੀ ਰਾਹੁਲ ਗਾਂਧੀ ਨੇ ਰਾਏਬਰੇਲੀ ਦੇ ਨਾਲ-ਨਾਲ ਵਾਇਨਾਡ ਤੋਂ ਲੋਕ ਸਭਾ ਚੋਣਾਂ ਜਿੱਤੀਆਂ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਵਾਇਨਾਡ ਸੀਟ ਛੱਡ ਦਿੱਤੀ ਸੀ।